ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਜੁਲਾਈ
ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਜਗਰਾਉਂ ਸ਼ਹਿਰ ਦੀ ਸਫ਼ਾਈ ਤੇ ਸੁੰਦਰਤਾ ਨੂੰ ਵਧਾਉਣ ਲਈ ਲਗਪਗ 70 ਲੱਖ ਰੁਪਏ ਦੇ ਹੋਰ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਅਗਵਾੜ ਖੁਆਜਾ ਬਾਜੂ ’ਚ ਮੀਟਿੰਗ ਮਗਰੋਂ ਉਨ੍ਹਾਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਪੱਤਰ ਦੀ ਕਾਪੀ ਵਿਖਾਉਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰਾਂ ’ਚੋਂ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖਰਾ ਚੁੱਕਣ ਲਈ 80 ਟਰਾਈ ਸਾਈਕਲਾਂ ਲਈ 20 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਸ਼ਹਿਰ ਦੇ 23 ਵਾਰਡ ਹਨ ਅਤੇ ਹਰੇਕ ਵਾਰਡ ਲਈ 3-4 ਟਰਾਈ ਸਾਈਕਲ ਦਿੱਤੇ ਜਾਣਗੇ। ਇਕ ਟਰੈਕਟਰ ਲੋਡਰ ਖਰੀਦਣ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੀ ਕੀਮਤ ਤਿੰਨ ਲੱਖ ਰੁਪਏ ਹੈ। ਇਸੇ ਤਰ੍ਹਾਂ ਹੀ ਪੰਜ ਲੱਖ ਦੀ ਲਾਗਤ ਵਾਲੀ ਇਕ ਬਲਿੰਗ ਮਸ਼ੀਨ ਅਤੇ ਦੋ ਲੱਖ ਵਾਲਾ ਇਕ ਵੇਸਟ ਗਰਾਂਈਡਰ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਸ਼ਹਿਰ ਦੇ ਕੂੜਾ-ਕਰਕਟ ਨੂੰ ਸੰਭਾਲਿਆ ਜਾ ਸਕੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 37 ਲੱਖ 50 ਹਜ਼ਾਰ ਰੁਪਏ ਦੇ 5 ਟਾਟਾ ਏਸ ਵਹੀਕਲ ਖਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਪਾਰਕਾਂ ਦੀ ਕਟਿੰਗ ਤੇ ਸਫ਼ਾਈ ਵਾਸਤੇ ਦੋ ਲੱਖ ਰੁਪਏ ਦੀ ਕੀਮਤ ਦਾ ਸ਼ਰੈਡਰ ਖਰੀਦੇ ਜਾਣਗੇ।