ਜਸਬੀਰ ਸ਼ੇਤਰਾ
ਜਗਰਾਉਂ, 15 ਸਤੰਬਰ
ਆਮ ਆਦਮੀ ਪਾਰਟੀ ਦੀ ਹਲਕਾ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਇੱਥੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਵੱਖ-ਵੱਖ ਲਾਭਪਾਤਰੀਆਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਕਾਲਾ ਤੋਂ ਇਲਾਵਾ ਤਹਿਸੀਲਦਾਰ ਮਨਮੋਹਨ ਕੌਸ਼ਿਕ ਤੇ ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ ਵੀ ਮੌਜੂਦ ਸਨ।
ਵਿਧਾਇਕ ਮਾਣੂੰਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਧੀਆ ਕਾਰਗੁਜ਼ਾਰੀ ਦਿਖਾ ਰਹੀ ਹੈ ਜਿਸ ਤੋਂ ਸਾਰੇ ਵਰਗ ਸੰਤੁਸ਼ਟ ਨਜ਼ਰ ਆ ਰਹੇ ਹਨ ਪਰ ਭਾਜਪਾ ਸਮੇਤ ਹੋਰ ਵਿਰੋਧੀ ਧਿਰਾਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ। ਇਸ ਕਰ ਕੇ ਘਟੀਆ ਚਾਲਾਂ ਚੱਲੀਆਂ ਜਾ ਰਹੀਆਂ ਹਨ। ‘ਆਪ’ ਸਰਕਾਰ ਨੂੰ ਵਿਧਾਇਕ ਖਰੀਦ ਕੇ ਤੋੜਨ ਦੀ ਕੋਸ਼ਿਸ਼ ਤੇ ਧਮਕਾਉਣਾ ਵੀ ਇਸੇ ਸਾਜਿਸ਼ ਦਾ ਹਿੱਸਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਹਲਕੇ ਦੇ ਛੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ।
ਇਹ ਚੈੱਕ ਹਾਸਲ ਕਰਨ ਵਾਲਿਆਂ ’ਚ ਬਲਜਿੰਦਰ ਕੌਰ ਵਾਸੀ ਕੋਠੇ ਖੰਜੂਰਾਂ, ਕਿਰਨਜੀਤ ਕੌਰ ਵਾਸੀ ਇੰਦਰਾ ਕਲੋਨੀ, ਗੁਰਪ੍ਰੀਤ ਕੌਰ ਵਾਸੀ ਕਾਉਂਕੇ ਕਲਾਂ, ਮਨਜੀਤ ਕੌਰ ਵਾਸੀ ਭੰਮੀਪੁਰਾ ਕਲਾਂ, ਕਿਰਨਜੀਤ ਕੌਰ ਵਾਸੀ ਹਠੂਰ, ਨਿਰਮੋਲਕ ਸਿੰਘ ਪਿੰਡ ਸਲੇਮਪੁਰਾ ਸ਼ਾਮਲ ਸਨ।