ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਜੁਲਾਈ
ਇਨਕਲਾਬੀ ਕੇਂਦਰ ਪੰਜਾਬ ਨੇ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਰਮਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਕਰਾਰ ਦੇਣ ਵਾਲੇ ਦਿੱਤੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਵਾਪਸ ਲੈਣ ਦੀ ਮੰਗ ਕੀਤੀ ਹੈ। ਸੂਬਾ ਪ੍ਰਧਾਨ ਨਰਾਇਣ ਦੱਤ, ਮੁਖਤਿਆਰ ਪੂਹਲਾ ਤੇ ਜਸਵੰਤ ਜ਼ੀਰਖ ਨੇ ਕਿਹਾ ਕਿ ਸਿਮਰਨਜੀਤ ਮਾਨ ਨੂੰ ਸੰਗਰੂਰ ਦੇ ਵੋਟਰਾਂ ਨੇ ਸ਼ਹੀਦ ਭਗਤ ਸਿੰਘ ਦੀ ਕਿਰਦਾਕੁਸ਼ੀ ਕਰਨ ਲਈ ਨਹੀਂ, ਬਲਕਿ ਪੰਜਾਬ, ਪੰਜਾਬੀਆਂ ਤੇ ਧਾਰਮਿਕ ਘੱਟਗਿਣਤੀਆਂ ਦੇ ਅਹਿਮ ਮੁੱਦਿਆਂ ਬਾਰੇ ਆਵਾਜ਼ ਉਠਾਉਣ ਲਈ ਚੁਣਿਆ ਹੈ। ਇਸ ਲਈ ਉਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਦੀ ਬਜਾਇ ਆਰਐੱਸਐੱਸ /ਭਾਜਪਾ ਦੀ ਅਗਵਾਈ ਵਾਲੀ ਮੋਦੀ ਹਕੂਮਤ ਵੱਲੋਂ ਦੇਸ਼ ਦੇ ਸੰਘੀ ਢਾਂਚੇੇ ਤੇ ਜਮਹੂਰੀਅਤ ਹੱਕਾਂ ਅਧਿਕਾਰਾਂ ਉੱਤੇ ਧੜਾਧੜ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਖ਼ਿਲਾਫ਼ ਸੰਸਦ ’ਚ ਆਵਾਜ਼ ਚੁੱਕਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਾਮਰਾਜੀ ਸ਼ਕਤੀਆਂ ਦੇ ਪਿੱਠੂ ਪਹਿਲਾਂ ਤੋਂ ਸ਼ਹੀਦ ਭਗਤ ਸਿੰਘ ਦੇ ਖ਼ਿਲਾਫ਼ ਕੁਫਰ ਤੋਲਦੇ ਆ ਰਹੇ ਹਨ, ਪਰ ਇਸ ਦੇ ਬਾਵਜੂਦ ਲੋਕਾਂ ਤੇ ਖਾਸਕਰ ਨੌਜਵਾਨਾਂ ’ਚ ਭਗਤ ਸਿੰਘ ਬਾਰੇ ਜਾਨਣ ਤੇ ਅਧਿਐਨ ਕਰਨ ਦਾ ਰੁਝਾਨ ਘਟਣ ਦੀ ਬਜਾਏ ਉਲਟਾ ਹੋਰ ਵਧਿਆ ਹੈ। ਜਿਸ ਦਾ ਸਿੱਟਾ ਇਹ ਨਿੱਕਲ ਰਿਹਾ ਹੈ ਕਿ ਭਗਤ ਸਿੰਘ ਦਾ ਵਿਚਾਰਧਾਰਕ ਕੱਦ ਜਨਤਾ ਦੀ ਨਜ਼ਰ ’ਚ ਪਹਿਲਾਂ ਦੇ ਮੁਕਾਬਲੇ ਹੋਰ ਉੱਚਾ ਹੋਇਆ ਹੈ। ਇਸੇ ਲਈ ਭਗਤ ਸਿੰਘ ਦੇ ਨਾਂ ਨਾਲ ਨਵੇਂ ਨਵੇਂ ਵਿਸ਼ੇਸ਼ਣ ਜੁੜ ਰਹੇ ਹਨ।