ਨਿੱਜੀ ਪੱਤਰ ਪ੍ਰੇਰਕ
ਖੰਨਾ, 19 ਜਨਵਰੀ
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਔਰਤਾਂ ਦੀਆਂ ਸਮੱਸਿਆਵਾਂ ਸੁਣਨ ਲਈ ਐੱਸਐੱਸਪੀ ਦਫ਼ਤਰ ਪੁੱਜੇ। ਉਨ੍ਹਾਂ ਪੁਲੀਸ ਜ਼ਿਲ੍ਹਾ ਖੰਨਾ ਵਿੱਚ ਔਰਤਾਂ ’ਤੇ ਹੋਣ ਵਾਲੇ ਜੁਰਮ ਤੇ ਲੜਕੀਆਂ ਦੇ ਮਾਮਲਿਆਂ ਦੀ ਸੁਣਵਾਈ ਦਾ ਜਾਇਜ਼ਾ ਲਿਆ। ਉਨ੍ਹਾਂ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਜ਼ਰੂਰੀ ਮਾਮਲਿਆਂ ’ਚ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਉਹ ਖੰਨਾ ਵਿੱਚ ਪੁਲੀਸ ਮਹਿਲਾ ਵਿੰਗ ਦੀ ਕਾਰਜਸ਼ੈਲੀ ਦਾ ਨਿਰੀਖਣ ਕਰਨ ਤੇ ਔਰਤਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ’ਤੇ ਸੁਣਨ ਆਏ ਸਨ। ਸ਼ਹਿਰ ਵਿੱਚੋਂ ਉਨ੍ਹਾਂ ਕੋਲ ਬਹੁਤ ਘੱਟ ਕੇਸ ਆਏ। ਐੱਸਐੱਸਪੀ ਏਲਨਚੇਜੀਅਨ ਦੇ ਨਾਲ ਉਹ ਪਹਿਲਾ ਵੀ ਕੋਵਿਡ ਦੌਰਾਨ ਕੰਮ ਕਰ ਚੁੱਕੇ ਹਨ। ਇਥੇ 100 ਦੇ ਕਰੀਬ ਕੇਸ ਹਨ, ਜਿਨ੍ਹਾਂ ’ਤੇ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਲਤੀ ਕੇਸਾਂ ਵਿਚ ਕਮਿਸ਼ਨ ਤੇ ਪੁਲੀਸ ਦਖਲਅੰਦਾਜ਼ੀ ਨਹੀਂ ਕਰ ਸਕਦੇ, ਫ਼ਿਰ ਵੀ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਘਰੇਲੂ ਹਿੰਸਾ, ਸੈਕਸ਼ਨ-9 ਤਹਿਤ ਘਰ ਵਸਾਉਣ ਅਤੇ ਔਰਤਾਂ ’ਤੇ ਜ਼ੁਲਮ ਸਬੰਧੀ ਹੋਰਨਾਂ ਕੇਸਾਂ ਦੀ ਸੁਣਵਾਈ ਲਈ ਫਾਸਟ ਟਰੈਕ ਅਦਾਲਤਾਂ ਬਣਾ ਕੇ ਇਨ੍ਹਾਂ ਕੇਸਾਂ ਦਾ ਨਿਪਟਾਰਾ ਛੇਤੀ ਕਰਨਾ ਚਾਹੀਦਾ ਹੈ।