ਜਸਬੀਰ ਸ਼ੇਤਰਾ
ਜਗਰਾਉਂ, 26 ਦਸੰਬਰ
ਪੰਜਾਬ ਬਾਕਸਿੰਗ ਅਕੈਡਮੀ ਚਕਰ ਦੀ ਹੋਣਹਾਰ ਮੁੱਕੇਬਾਜ਼ ਮਨਦੀਪ ਕੌਰ ਸੰਧੂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ ਹੋਈ ‘ਆਲ ਇੰਡੀਆ ਇੰਟਰ-ਵਰਸਿਟੀ ਬਾਕਸਿੰਗ ਚੈਂਪੀਅਨਸ਼ਿਪ’ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ ਹੈ। ਅਕੈਡਮੀ ਦੇ ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਨਦੀਪ ਸੰਧੂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਲ ਇੰਡੀਆ ਇੰਟਰ-ਵਰਸਿਟੀ ਬਾਕਸਿੰਗ ਚੈਂਪੀਅਨਸ਼ਿਪ ’ਚ ਭਾਗ ਲਿਆ ਸੀ। ਉਸ ਨੇ ਇਨ੍ਹਾਂ ਮੁਕਾਬਲਿਆਂ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਮੁੱਕੇਬਾਜ਼ਾਂ ਜਿਵੇਂ ਡੀਆਰਬੀਆਰਏ. ਦੀ ਸ਼ਰੁਤੀ ਪਾਟਕ, ਸੀਸੀਐਸਯੂਐੱਮ ਦੀ ਕੇਐੱਮ ਸਨੇਹਾ, ਓਪੀਜੇਐੱਸ ਦੀ ਭਾਰਤੀ ਪੋਸਵਾਲ, ਐੱਲਪੀਯੂ ਦੀ ਯਸ਼ੀ ਸ਼ਰਮਾ, ਕੇਯੂਕੇ ਦੀ ਯੂਥ ਵਿਸ਼ਵ ਚੈਂਪੀਅਨ-2021 ਵਿੰਕਾ, ਪੀਟੀਡੀਯੂਐੱਸ ਦੀ ਮੁਸਕਾਨ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਉਸ ਨੇ ਬੈਸਟ ਚੈਲੰਜਰ ਦਾ ਖ਼ਿਤਾਬ ਵੀ ਜਿੱਤਿਆ। ਮੁਕਾਬਲਿਆਂ ਦੌਰਾਨ ਇਕ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਣਾ ਮਨਦੀਪ ਦੀਆਂ ਸੰਭਾਵਨਾਵਾਂ ਦਰਸਾਉਂਦਾ ਹੈ। ਪਿੰਡ ਪਰਤਣ ’ਤੇ ਅੱਜ ਮਨਦੀਪ ਸੰਧੂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਸ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰਿੰ. ਬਲਵੰਤ ਸੰਧੂ, ਸਾਬਕਾ ਸਰਪੰਚ ਮੇਜਰ ਸਿੰਘ, ਰੂਪ ਸਿੰਘ ਅਤੇ ਰਛਪਾਲ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਪ੍ਰੇਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ।