ਪੱਤਰ ਪ੍ਰੇਰਕ
ਮੁੱਲਾਂਪੁਰ-ਦਾਖਾ, 8 ਅਗਸਤ
ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਏ ਪਿੰਡ ਮੰਡਿਆਣੀ ਦੇ ਲੋਕਾਂ ਨੇ ਅੱਜ ਫਿਰ ਨਸ਼ਾ ਵੇਚਣ ਵਾਲੇ ਦੋ ਸ਼ੱਕੀ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਪਿੰਡ ਮੁੱਲਾਂਪੁਰ ਨੂੰ ਜਾਣ ਵਾਲੀ ਸੜਕ ਉੱਪਰ ਖ਼ੁਦ ਹੀ ਕਾਬੂ ਕਰ ਕੇ ਦਾਖਾ ਪੁਲੀਸ ਹਵਾਲੇ ਕੀਤਾ ਹੈ। ਪਿੰਡ ਵਾਸੀਆਂ ਨੇ ਡੀਐੱਸਪੀ ਜਸ਼ਨਦੀਪ ਸਿੰਘ ਗਿੱਲ ਦੀ ਮੌਜੂਦਗੀ ਵਿਚ ਦੱਸਿਆ ਕਿ ਕਾਬੂ ਕੀਤੇ ਦੋ ਨੌਜਵਾਨਾਂ ਵਿੱਚ ਰਵੀ ਸਿੰਘ ਪੁੱਤਰ ਜਗਦੇਵ ਸਿੰਘ ਉਸੇ ਪਰਿਵਾਰ ਨਾਲ ਸਬੰਧਤ ਹੈ, ਜਿਸ ਦੇ ਪਹਿਲਾਂ ਹੀ 8 ਪਰਿਵਾਰਕ ਮੈਂਬਰ ਨਸ਼ਿਆਂ ਦੇ ਮਾਮਲੇ ਵਿੱਚ ਜੇਲ੍ਹ ’ਚ ਬੰਦ ਹਨ। ਦੂਜਾ ਮੁਲਜ਼ਮ ਬਲਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਵੀ ਇਨ੍ਹਾਂ ਦਾ ਹੀ ਰਿਸ਼ਤੇਦਾਰ ਹੈ, ਜਦਕਿ ਤੀਜਾ ਵਿਅਕਤੀ ਮੁੱਲਾਂਪੁਰ ਵਾਸੀ ਹਰਮਨ ਸਿੰਘ ਹੈ, ਜਿਸ ਨੂੰ ਨਸ਼ਾ ਵੇਚਣ ਜਾਂਦੇ ਸਮੇਂ ਇਹ ਵਿਅਕਤੀ ਕਾਬੂ ਆ ਗਏ। ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਵੱਲੋਂ ਦਿਖਾਈ ਬਹਾਦਰੀ ਤੋਂ ਬਾਅਦ ਹੀ ਪਿੰਡ ਵਾਸੀਆਂ ਨੇ ਹੌਸਲਾ ਫੜਿਆ ਹੈ ਅਤੇ ਉਹ ਹੁਣ ਪੂਰੀ ਚੌਕਸੀ ਨਾਲ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਜੁਟੇ ਹੋਏ ਹਨ। ਮੰਡਿਆਣੀ ਵਾਸੀ ਸੁਖਵਿੰਦਰ ਸਿੰਘ ਨੇ ਪਿੰਡ ਦੇ ਹੋਰ ਨੌਜਵਾਨਾਂ ਦੀ ਮਦਦ ਨਾਲ ਉਕਤ ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ। ਸਰਪੰਚ ਗੁਰਪ੍ਰੀਤ ਕੌਰ ਨੇ ਮੌਕੇ ’ਤੇ ਪੁਲੀਸ ਨੂੰ ਬੁਲਾ ਕੇ ਇਨ੍ਹਾਂ ਨੂੰ ਪੁਲੀਸ ਹਵਾਲੇ ਕੀਤਾ। ਉਪ ਪੁਲਿਸ ਕਪਤਾਨ ਜਸ਼ਨਦੀਪ ਸਿੰਘ ਗਿੱਲ ਨੇ ਨੌਜਵਾਨਾਂ ਤੋਂ ਨਸ਼ਾ, ਸਰਿੰਜਾਂ ਅਤੇ ਲਾਈਟਰ ਮਿਲਣ ਦੀ ਪੁਸ਼ਟੀ ਕੀਤੀ ਹੈ ਅਤੇ ਖ਼ੁਲਾਸਾ ਕੀਤਾ ਕਿ ਪਹਿਲਾਂ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਪਰਿਵਾਰ ਦਾ ਮੈਂਬਰ ਰਵੀ ਸਿੰਘ ਖ਼ੁਦ ਵੀ ਨਸ਼ੇ ਦਾ ਆਦੀ ਹੈ ਅਤੇ ਕੁਲ ਗਹਿਣਾ ਪਿੰਡ ਤੋਂ ਨਸ਼ਾ ਖ਼ਰੀਦ ਕੇ ਲਿਆਇਆ ਸੀ। ਉਨ੍ਹਾਂ ਕਿਹਾ ਕਿ ਰਵੀ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ।