ਪੱਤਰ ਪ੍ਰੇਰਕ
ਮਾਛੀਵਾੜਾ, 10 ਅਕਤੂਬਰ
ਮਾਛੀਵਾੜਾ ਬਲਾਕ ਅਧੀਨ ਪੈਂਦੇ ਇੱਕ ਪਿੰਡ ’ਚੋਂ ਮਾਮਾ ਰਿਸ਼ਤੇ ’ਚ ਲੱਗਦੀ ਆਪਣੀ ਨਾਬਾਲਗ ਭਾਣਜੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਹੈ। ਨਾਬਾਲਗ ਲੜਕੀ ਦੀ ਮਾਤਾ ਨੇ ਪੁਲੀ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਭੂਆ ਦਾ ਲੜਕਾ ਥਾਣਾ ਡੇਹਲੋਂ ਦੇ ਇੱਕ ਪਿੰਡ ਵਿਚ ਰਹਿੰਦਾ ਹੈ, ਜਿਸ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਕਰੀਬ 4 ਦਿਨ ਪਹਿਲਾਂ ਵੀ ਉਹ ਘਰ ਆਇਆ ਸੀ ਤੇ ਰਾਤ ਰਹਿ ਕੇ ਚਲਾ ਗਿਆ। ਉਸ ਤੋਂ ਬਾਅਦ 7 ਅਕਤੂਬਰ ਨੂੰ ਉਹ ਫਿਰ ਉਸਦੀ ਭੂਆ ਦਾ ਲੜਕਾ ਆਪਣੇ ਮੋਟਰਸਾਈਕਲ ’ਤੇ ਘਰ ਆਇਆ। ਕੁਝ ਸਮੇਂ ਬਾਅਦ ਉਸ ਨੇ ਦੇਖਿਆ ਕਿ ਉਸ ਦੀ 17 ਸਾਲਾ ਲੜਕੀ ਵੀ ਘਰ ਵਿਚ ਨਹੀਂ ਸੀ ਤੇ ਭੂਆ ਦਾ ਲੜਕਾ ਵੀ ਘਰੋਂ ਜਾ ਚੁੱਕਾ ਸੀ। ਉਨ੍ਹਾਂ ਲੜਕੀ ਦੀ ਆਲੇ-ਦੁਆਲੇ ਭਾਲ ਕੀਤੀ, ਪਰ ਕੋਈ ਜਾਣਕਾਰੀ ਨਾ ਮਿਲ ਸਕੀ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਹੈ ਕਿ ਉਕਤ ਲੜਕਾ ਉਨ੍ਹਾਂ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ।