ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਮਈ
ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਵਿੱਚ ਅੱਜ ਜੈਵਿਕ ਵਿਭਿੰਨਤਾ ਦਿਹਾੜੇ ’ਤੇ ਮਨੁੱਖ ਜਾਤੀ ਨੂੰ ਬਚਾਉਣ ਲਈ ਨਸ਼ਿਆਂ ਵਿਰੁੱਧ ਮੁਹਿੰਮ ਆਰੰਭੀ ਗਈ। ਫਸਟ ਅਫ਼ਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਐਨਸੀਸੀ ਗਰੁੱਪ ਹੈੱਡਕੁਆਰਟਰ ਦੇ ਗਰੁੱਪ ਕਮਾਂਡਰ ਜਸਜੀਤ ਘੁੰਮਣ ਤੇ ਨੰਬਰ 4 ਪੰਜਾਬ ਏਅਰ ਸਕਾਰਡਨ ਐੱਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫਸਰ ਵਿੰਗ ਕਮਾਂਡਰ ਬੀ ਐਸ ਗਿੱਲ ਦੇ ਮਾਰਗ ਦਰਸ਼ਨ ਹੇਠ ਨਸ਼ਿਆਂ ਦੇ ਖਾਤਮੇ ਲਈ ਐੱਨਸੀਸੀ ਕੈਡਿਟਾਂ ਵੱਲੋਂ ਅੱਜ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ ਕੈਡਿਟਾਂ ਨੇ ਨਸ਼ਿਆਂ ਦੀ ਵਰਤੋਂ ਨਾ ਕਰਨ ਸਬੰਧੀ ਪੋਸਟਰ ਬਣਾਏ ਗਏ।
ਇਸ ਮਗਰੋਂ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਕੂਲ ਤੋਂ ਲੈ ਕੇ ਮਿੱਢਾ ਚੌਕ, ਕੋਚਰ ਮਾਰਕੀਟ ਪੁਲੀਸ ਚੌਕੀ ਦੇ ਆਸ ਪਾਸ ਦੇ ਇਲਾਕੇ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਕੈਡਿਟਾਂ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਵਿੰਗ ਕਮਾਂਡਰ ਬੀ ਐਸ ਗਿੱਲ ਨੇ ਆਪਣੇ ਸੁਨੇਹੇ ਵਿਚ ਕੈਡਿਟਾਂ ਵੱਲੋਂ ਨਸ਼ਿਆਂ’ ਦੇ ਵਿਰੁੱਧ ਜਾਗਰੂਕਤਾ ਰੈਲੀ ਕੱਢਣ ਨੂੰ ਚੰਗੀ ਪਿਰਤ ਦੱਸਿਆ। ਇਸ ਮੌਕੇ ਮਨੋਜ ਕੁਮਾਰ, ਸ਼ਰਨਜੀਤ ਸਿੰਘ, ਹਰਪ੍ਰੀਤ ਸਿੰਘ ਤੇ ਵਾਰੰਟ ਅਫਸਰ ਐਮਪੀ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।