ਪੱਤਰ ਪ੍ਰੇਰਕ
ਜਗਰਾਉਂ, 25 ਅਪਰੈਲ
ਇਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਸਥਾਨਕ ਸਿਵਲ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਦੀਪ ਮਹਿੰਦਰਾ ਦੀ ਅਗਵਾਈ ਹੇਠ ਡਾ. ਅੰਕੁਸ਼, ਡਾ. ਮੁਨੀਤ ਲੁਥਰਾ, ਡਾ.ਪਵਨ, ਡਾ. ਯੁਵਰਾਜ ਆਦਿ ਨੇ ਸਮਾਗਮ ’ਚ ਹਾਜ਼ਰ ਇਲਾਕੇ ਦੇ ਲੋਕਾਂ ਨੂੰ ਮਲੇਰੀਆ ਦੇ ਲੱਛਣ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਮਲੇਰੀਆ ਟੀਮ ਦੇ ਗੁਰਦੇਵ ਸਿੰਘ, ਕੁਲਦੀਪ ਸਿੰਘ, ਜਗਰਾਜ਼ ਸਿੰਘ ਨੇ ਮਲੇਰੀਆ ਫੈਲਣ ਦੇ ਕਾਰਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਦੱਤ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਦੱਤ ਨੇ ਕਿਹਾ ਕਿ ਮਾਦਾ ਐਨਫਲੀਜ਼ ਨਾਂਅ ਦੇ ਮੱਛਰ ਦੇ ਕੱਟਣ ਕਾਰਨ ਮਲੇਰੀਆ ਹੁੰਦਾ ਹੈ ਜੋ ਖੜ੍ਹੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਘਰਾਂ ਦੇ ਆਲੇ ਦੁਆਲੇ ਗਮਲਿਆਂ ਆਦਿ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਸੁਰਿੰਦਰਪਾਲ ਮਹਿਤਾ, ਸਿਮਰਨਜੀਤ ਸਿੰਘ, ਜਗਦੀਪ ਸਿੰਘ, ਕੁੰਵਰਦੀਪ ਕੌਰ, ਸੁਮਨ ਲਤਾ, ਬੀਨਾ ਰਾਣੀ, ਸੁਪਿੰਦਰ ਕੌਰ ਆਦਿ ਹਾਜ਼ਰ ਸਨ। ਪਾਇਲ(ਪੱਤਰ ਪ੍ਰੇਰਕ): ਇਥੇ ਸੀਐੱਚਸੀ ਪਾਇਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਮਲੇਰੀਆ ਦਿਵਸ ਮਨਾਇਆ ਗਿਆ।ਇਸ ਮੌਕੇ ਡਾ. ਰਿਪੁਦਮਨ, ਡਾ. ਕੁਸਮ ਅਰੋੜਾ, ਡਾ. ਰਮਨਦੀਪ ਕੌਰ, ਸੁਖਮਿੰਦਰ ਸਿੰਘ ਵੀ ਹਾਜ਼ਰ ਸਨ। ਇਹ ਜਾਣਕਾਰੀ ਬੀਈਈ ਸਵਾਤੀ ਸਚਦੇਵਾ ਨੇ ਦਿੱਤੀ। -ਪੱਤਰ ਪ੍ਰੇਰਕ
ਵਿਦਿਆਰਥੀਆਂ ਨੇ ਨਾਟਕ ਖੇਡਿਆ
ਲੁਧਿਆਣਾ (ਖੇਤਰੀ ਪ੍ਰਤੀਨਿਧ): ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਲੁਧਿਆਣਾ ਵਿੱਚ ਸਕੂਲ ਇੰਚਾਰਜ ਨਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਹਰ ਸਾਲ 25 ਅਪਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਹਫ਼ਤੇ ਵਿੱਚ ਇੱਕ ਦਿਨ ਡਰਾਈ ਡੇਅ ਮਨਾਇਆ ਕਰਨ। ਆਪਣੇ ਘਰ ਅਤੇ ਆਲੇ ਦੁਆਲੇ ਧਿਆਨ ਰੱਖਣ ਕਿ ਕਿਸੇ ਵੀ ਬਰਤਨ ਜਾ ਹੋਰ ਕਿਸੇ ਵਸਤੂ ਵਿਚ ਪਾਣੀ ਜਮ੍ਹਾਂ ਨਾ ਹੋਵੇ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਨਾਟਕ ਵੀ ਖੇਡਿਆ। ਸਕੂਲ ਦੇ ਵਿਦਿਆਰਥੀਆਂ ਨੂੰ ਅਧਿਆਪਕ ਅਨਿਲ ਕੁਮਾਰ, ਨਰਿੰਦਰ ਕੌਰ, ਬਮਨਦੀਪ ਕੌਰ ਨੇ ਵੀ ਬੱਚਿਆਂ ਨੂੰ ਨਿੱਜੀ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ।