ਗੁਰਿੰਦਰ ਸਿੰਘ
ਲੁਧਿਆਣਾ, 17 ਜੁਲਾਈ
ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਯੂਥ ਵਰਕਰਾਂ ਨੂੰ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਘਰ ਘਰ ਪਹੁੰਚਾਉਣ ਲਈ ਦਿਨ ਰਾਤ ਇਕ ਕਰਨ ਲਈ ਕਿਹਾ। ਉਹ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਦੀ ਅਗਵਾਈ ਹੇਠ ਸਮੁੱਚੀ ਟੀਮ ਨਾਲ ਮੁਲਾਕਾਤ ਸਮੇਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਵਰਕਰਾਂ ਨੂੰ ਕਮਰਕੱਸੇ ਕਰਕੇ ਸਰਗਰਮੀਆਂ ਤੇਜ਼ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬ ਵਿੱਚ ਮੁੜ ਅਕਾਲੀ ਦਲ ਦੀ ਸਰਕਾਰ ਦਾ ਗਠਨ ਕੀਤਾ ਜਾ ਸਕੇ।
ਮਜੀਠੀਆ ਨੇ ਮੰਨਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਹੋਰ ਤਕੜੇ ਹੋ ਕੇ ਕੰਮ ਕਰਨ ਦੇ ਲਈ ਸਮੁੱਚੀ ਟੀਮ ਨੂੰ ਥਾਪੜਾ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਬੱਬਲ, ਗੁਰਪ੍ਰੀਤ ਸਿੰਘ ਬੇਦੀ, ਹਰਪ੍ਰੀਤ ਸਿੰਘ ਡੰਗ, ਬਾਵਾ ਰਾਏਕੋਟ, ਕਰਨ ਵੜੈਚ, ਕਾਲੀ ਘਾਈ, ਗੁਰਮੇਲ ਜੱਜੀ ਕੌਂਸਲਰ, ਸੁਖਵਿੰਦਰ ਸਿੰਘ ਢਿੱਲੋਂ, ਆਸ਼ੂ ਹੰਸਰਾ, ਡਾਕਟਰ ਕਰਨ ਕੋਹਲੀ ਆਦਿ ਵੀ ਹਾਜ਼ਰ ਸਨ।