ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਸਤੰਬਰ
ਨਿਰਮਲੇ ਭੇਖ ਸੰਪ੍ਰਦਾਇ ਦੇ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਮੁਖੀ ਪੰਚਾਇਤੀ ਅਖਾੜਾ ਨਿਰਮਲ ਕਨਖਲ ਹਰਿਦੁਆਰ, (ਵੇਦਾਂਤਾਚਾਰੀਆ ਸੁਖਾਨੰਦ) ਪ੍ਰਬੰਧਕ ਨਿਰਮਲ ਡੇਰਾ ਭੋਰਾ ਵਾਲਾ ਰਸੂਲਪੁਰ ਅਤੇ ਮਹੰਤ ਦੀਪਕ ਸਿੰਘ ਜਨਰਲ ਸਕੱਤਰ ਵੱਡਾ ਡੇਰਾ ਦਾਉਧਰ (ਮੋਗਾ) ਨੇ ਮਹੰਤ ਗਿਆਨ ਦੇਵ ਸਿੰਘ (ਸਾਬਕਾ ਮੁਖੀ ਨਿਰਮਲ ਪੰਚਾਇਤੀ ਅਖਾੜਾ) ਖ਼ਿਲਾਫ਼ ਨਿਰਮਲੇ ਸੰਪ੍ਰਦਾਇ ਦੀਆਂ ਦੇਸ਼ ਦੇ ਵੱਖ-ਵੱਖ ਕੋਨਿਆਂ ’ਚ ਪਈਆਂ ਕਈ ਜਾਇਦਾਦਾਂ ਵੇਚਣ ਦੇ ਦੋਸ਼ ਲਾਏ ਹਨ।
ਹਾਲਾਂਕਿ, ਮਹੰਤ ਗਿਆਨ ਦੇਵ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ ਹੈ। ਮਹੰਤ ਕਮਲਜੀਤ ਸਿੰਘ ਤੇ ਮਹੰਤ ਦੀਪਕ ਨੇ ਦੋਸ਼ ਲਗਾਇਆ ਕਿ ਮਹੰਤ ਗਿਆਨ ਦੇਵ ਸਿੰਘ ਨੇ ਮਹਾਂਰਾਸ਼ਟਰ, ਹਰਿਦੁਆਰ, ਕੁਰੂਕਸ਼ੇਤਰ ਸਮੇਤ ਅੱਧੀ ਦਰਜਨ ਥਾਵਾਂ ’ਤੇ ਨਿਰਮਲ ਅਖਾੜੇ ਦੀ ਜਗ੍ਹਾ ਨੂੰ ਕੁੱਝ ਲੋਕਾਂ ਨਾਲ ਮਿਲ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਇਸ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਨਿਰਮਲ ਅਖਾੜਾ ਹਰਿਦੁਆਰ ਵਿੱਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ। ਦੋਵਾਂ ਸਾਧੂਆਂ ਨੇ ਕਿਹਾ ਕਿ ਨਿਰਮਲ ਅਖਾੜਾ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਿਰਮਲ ਸੰਸਕ੍ਰਿਤ ਵਿਦਿਆਲਿਆ ਕਾਂਸੀ ਨੂੰ ਵੇਚ ਕੇ ਹੋਟਲ ਬਣਾਉਣ ਦੀ ਤਿਆਰੀ ਵਿੱਚ ਹਨ। ਇਸ ਮਾਮਲੇ ਨੂੰ ਲੈ ਕੇ ਜਦੋਂ ਮਹੰਤ ਗਿਆਨ ਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ, ‘‘ਸਾਰੇ ਝੂਠ ਬੋਲ ਰਹੇ ਹਨ, ਮੈਂ ਕੋਈ ਵੀ ਜਾਇਦਾਦ ਨਹੀਂ ਵੇਚੀ।’’