ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਮਾਰਚ
ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਨੂੰ 30,000 ਤੋਂ ਵੱਧ ਵੋਟਾਂ ’ਤੇ ਜਿਤਾ ਕੇ ਲੋਕਾਂ ਨੇ ਵਿਧਾਇਕ ਬਣਾ ਦਿੱਤਾ ਹੈ ਅਤੇ ਹੁਣ ਨਵੇਂ ਬਣੇ ਵਿਧਾਇਕ ਸਾਹਮਣੇ ਕਈ ਚੁਣੌਤੀਆਂ ਹਨ। ਇਨ੍ਹਾਂ ਚੁਣੌਤੀਆਂ ਵਿੱਚ ਖਸਤਾਹਾਲ ਸੜਕਾਂ ਤੋਂ ਰਾਹਤ, ਸਿਹਤ ਤੇ ਸਿੱਖਿਆ ਸਹੂਲਤਾਂ ਦੀ ਘਾਟ ਤੋਂ ਇਲਾਵਾ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਲੋਕਾਂ ਦੀਆਂ ਮੁੱਖ ਮੰਗਾਂ ਹਨ। ਮਾਛੀਵਾੜਾ ਦੇ ਚਾਰੇ ਦਿਸ਼ਾਵਾਂ ਨੂੰ ਜਾਂਦੀਆਂ ਸੜਕਾਂ ਚਾਹੇ ਉਹ ਕੁਹਾੜਾ ਰੋਡ, ਸਮਰਾਲਾ ਰੋਡ, ਰਾਹੋਂ ਰੋਡ ਜਾਂ ਮਾਛੀਵਾੜਾ ਸਾਹਿਬ ਤੋਂ ਪਵਾਤ ਤੱਕ ਜਾਂਦਾ ਗੁਰੂ ਗੋਬਿੰਦ ਸਿੰਘ ਮਾਰਗ ਹੋਵੇ, ਬੇਹੱਦ ਖਸਤਾ ਹਨ। ਪਿਛਲੀ ਕਾਂਗਰਸ ਸਰਕਾਰ ਨੇ ਇਲਾਕੇ ਦੀਆਂ ਖਸਤਾਹਾਲ ਸੜਕਾਂ ਸੁਧਾਰਨ ਲਈ ਵਾਅਦੇ ਤੇ ਯਤਨ ਤਾਂ ਕੀਤੇ ਪਰ ਉਹ ਸਾਰੇ ਪੂਰੇ ਨਾ ਹੋਏ ਅਤੇ ਜੇਕਰ ਆਉਣ ਵਾਲੇ ਕੁਝ ਮਹੀਨਿਆਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਪ੍ਰਮੁੱਖ ਚਾਰ ਸੜਕਾਂ ਦੀ ਮੁਰੰਮਤ ਕਰਵਾ ਗਈ ਤਾਂ ਲੋਕਾਂ ਵਿੱਚ ਜਿੱਥੇ ਸਰਕਾਰ ਪ੍ਰਤੀ ਚੰਗਾ ਸੁਨੇਹਾ ਜਾਵੇਗਾ, ਉੱਥੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਮਾਛੀਵਾੜਾ ਸਾਹਿਬ ਦਾ ਮੁੱਢਲਾ ਸਿਹਤ ਕੇਂਦਰ ਜੋ ਕਿ ਕਰੀਬ 100 ਤੋਂ ਵੱਧ ਪਿੰਡਾਂ ਨੂੰ ਸਿਹਤ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਪਰ ਇੱਥੇ ਨਾ ਡਾਕਟਰ, ਨਾ ਹੀ ਸਟਾਫ਼ ਅਤੇ ਨਾ ਹੀ 3 ਵਜੇ ਤੋਂ ਬਾਅਦ ਐਮਰਜੈਂਸੀ ਹਾਲਾਤਾਂ ਵਿਚ 24 ਘੰਟੇ ਡਾਕਟਰ ਮੁਹੱਈਆ ਰਹਿੰਦਾ ਹੈ। ਸਿੱਖਿਆ ਪ੍ਰਬੰਧਾਂ ਵਿੱਚ ਮਾਛੀਵਾੜਾ ਦੇ ਪ੍ਰਾਇਮਰੀ, ਮਿਡਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਤਾਂ ਚਾਹੁੰਦੇ ਹਨ ਅਤੇ ਇੱਥੇ ਇਮਾਰਤਾਂ ਤਾਂ ਹਨ ਪਰ ਸਕੂਲਾਂ ਵਿੱਚ ਅਧਿਆਪਕ ਨਾ ਹੋਣ ਕਾਰਨ ਗਰੀਬ ਮਾਪੇ ਆਪਣੇ ਬੱਚਿਆਂ ਨੂੰ ਮਜਬੂਰਨ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਂਦੇ ਹਨ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਛੀਵਾੜਾ ਦੇ ਸਿੱਖਿਆ ਪ੍ਰਬੰਧੀ ਢਾਂਚੇ ’ਚ ਸੁਧਾਰ ਲਿਆ ਕੇ ਸਕੂਲਾਂ ’ਚ ਲੈਕਚਰਾਰ ਤੇ ਅਧਿਆਪਕ ਮੁਹੱਈਆ ਕਰਵਾ ਦੇਵੇ ਤਾਂ ਇਹ ਸਰਕਾਰ ਦੀ ਵੱਡੀ ਕਾਰਗੁਜ਼ਾਰੀ ਹੋਵੇਗੀ। ਮਾਛੀਵਾੜਾ ਇਲਾਕੇ ਦੇ ਸਰਕਾਰੀ ਦਫ਼ਤਰਾਂ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਬੋਲਬਾਲੇ ਦੀਆਂ ਚਰਚਾਵਾਂ ਵੀ ਕੋਈ ਘੱਟ ਨਹੀਂ। ਇਸ ਲਈ ਸਰਕਾਰ ਵਲੋਂ ਲੋਕਾਂ ਦੀਆਂ ਪ੍ਰਮੁੱਖ ਮੰਗਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ।