ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਅਪਰੈਲ
ਕੁਹਾੜਾ-ਮਾਛੀਵਾੜਾ ਮਾਰਗ, ਜੋ ਕਿ ਮੁਰੰਮਤ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਸੀ, ਅੱਜ ਲੋਕ ਨਿਰਮਾਣ ਵਿਭਾਗ ਵੱਲੋਂ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਮਾਰਗ ’ਤੇ ਸਥਿਤ ਪਿੰਡ ਪੰਜੇਟਾ ਨੇੜੇ ਸੜਕ ਦਾ ਲੈਵਲ ਨੀਵਾਂ ਕਰਨ ਲਈ ਮਿੱਟੀ ਚੁੱਕੀ ਜਾ ਰਹੀ ਸੀ, ਜਿਸ ਕਾਰਨ ਇਸ ਦੀ ਆਵਾਜਾਈ ਬੰਦ ਸੀ। ਕਣਕ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ’ਚ ਲਿਜਾਣ ਲਈ ਕਾਫ਼ੀ ਮੁਸ਼ਕਿਲ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਰੋਸ ਧਰਨਾ ਦਿੱਤਾ, ਜਿਸ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ 10 ਦਿਨਾਂ ’ਚ ਇਸ ਦੀ ਆਵਾਜਾਈ ਖੋਲ੍ਹ ਦਿੱਤੀ ਜਾਵੇਗੀ। ਅੱਜ ਸੜਕ ਤੋਂ ਵਾਹਨ ਲੰਘਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਵਿਭਾਗ ਦੇ ਜੂਨੀਅਰ ਇੰਜਨੀਅਰ ਸਰੂਪ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸਾਹਿਬ ਨਜ਼ਦੀਕ ਇੱਕ ਸਾਇਫਨ ਅਤੇ ਬਾਕੀ ਰਹਿੰਦੀ ਸੜਕ ਨੂੰ ਵੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਪ੍ਰਾਜੈਕਟ ਮੈਨੇਜਰ ਗੁਰਮੁਖ ਸਿੰਘ ਤੇ ਨਗਰ ਵਾਸੀ ਵੀ ਮੌਜੂਦ ਸਨ।