ਪੱਤਰ ਪ੍ਰੇਰਕ
ਸਮਰਾਲਾ, 27 ਅਗਸਤ
ਲੰਪੀ ਸਕਿਨ ਕਾਰਨ ਪਸ਼ੂਆਂ ਦੀਆਂ ਦੌੜਾਂ ਵਿੱਚ ਹਿੱਸਾ ਲੈਣ ਵਾਲੇ ਇਲਾਕੇ ਦੇ ਚਾਰ ਨਾਮੀ ਬਲਦਾਂ ਦੀ ਮੌਤ ਹੋ ਗਈ ਹੈ। ਪਸ਼ੂ ਪਾਲਕ ਪਰਿਵਾਰ ਇਨ੍ਹਾਂ ਬਲਦਾਂ ਦੀ ਮੌਤ ਕਾਰਨ ਸਦਮੇ ਵਿੱਚ ਹੈ। ਸਮਰਾਲਾ ਨੇੜਲੇ ਪਿੰਡ ਹੇੜੀਆ ਦੇ ਇਸ ਪਰਿਵਾਰ ਨੇ ਲੰਪੀ ਸਕਿਨ ਕਾਰਨ ਮਾਰੇ ਗਏ ਇਨ੍ਹਾਂ ਬਲਦਾਂ ਦੀ ਆਤਮਿਕ ਸ਼ਾਂਤੀ ਲਈ ਪਿੰਡ ਵਿੱਚ ਬਕਾਇਦਾ ਭੋਗ ਪਾਉਣ ਦੀ ਰਸਮ ਵੀ ਨਿਭਾਈ। ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਭੋਗ ਸਮਾਗਮ ਵਿੱਚ ਪਰਿਵਾਰ ਤੋਂ ਇਲਾਵਾ ਇਲਾਕੇ ਦੇ ਲੋਕ ਵੀ ਸ਼ਾਮਲ ਹੋਏ। ਪਰਿਵਾਰ ਨੇ ਰਸਮ-ਰਿਵਾਜ ਨਾਲ ਆਪਣੇ ਬਲਦਾਂ ਅਰਜੁਨ, ਕਾਲਾ ਨਾਗ, ਚੀਨਾ ਅਤੇ ਨਵਾਬ ਦੀ ਅੰਤਿਮ ਅਰਦਾਸ ਕੀਤੀ। ਇਨ੍ਹਾਂ ਬਲਦਾਂ ਦੇ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਲੰਪੀ ਸਕਿਨ ਦੀ ਲਪੇਟ ਵਿੱਚ ਆ ਕੇ ਮਰਨ ਵਾਲੇ ਉਸ ਦੇ ਚਾਰੇ ਬਲਦਾਂ ਦੀ ਪੰਜਾਬ ਭਰ ਵਿੱਚ ਹੋਣ ਵਾਲੀਆਂ ਬੈਲ-ਗੱਡੀਆਂ ਦੀਆਂ ਦੌੜਾਂ ਵਿੱਚ ਤੂਤੀ ਬੋਲਦੀ ਸੀ। ਉਸ ਨੇ ਦੱਸਿਆ ਕਿ ਲੱਖਾਂ ਰੁਪਏ ਦੇ ਇਨਾਮ ਜਿੱਤਣ ਵਾਲੇ ਉਸ ਦੇ ਇਨਾਂ ਬਲਦਾਂ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਸੀ। ਉਨ੍ਹਾਂ ਦੱਸਿਆ ਕਿ ਪੁੱਤਾਂ ਵਾਂਗ ਪਾਲੇ ਇਨ੍ਹਾਂ ਬਲਦਾਂ ਦੇ ਇਲਾਜ ਲਈ ਉਨ੍ਹਾਂ ਕੋਈ ਕਸਰ ਨਹੀਂ ਛੱਡੀ ਪਰ ਇੱਕ-ਇੱਕ ਕਰਕੇ ਉਸ ਦੇ ਚਾਰੇ ਬਲਦ ਬਿਮਾਰੀ ਦੀ ਭੇਟ ਚੜ੍ਹ ਗਏ।