ਗੁਰਿੰਦਰ ਸਿੰਘ
ਲੁਧਿਆਣਾ, 28 ਦਸੰਬਰ
ਲੁਧਿਆਣਾ ਸ਼ਹਿਰ ਦੇ ਲੋਕਾਂ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਦੀ ਹਰ ਜ਼ਰੂਰਤ ਪੂਰੀ ਕਰਨ ਲਈ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ ਹੈ। ਸਮਾਜਿਕ, ਧਾਰਮਿਕ, ਭਾਈਚਾਰਕ, ਵਪਾਰਕ ਅਤੇ ਸਨਅਤੀ ਜਥੇਬੰਦੀਆਂ ਵੱਲੋਂ, ਜਿੱਥੇ ਦਿੱਲੀ ਬਾਰਡਰ ’ਤੇ ਧਰਨਾ ਦੇ ਕੇ ਬੈਠੇ ਕਿਸਾਨਾਂ ਲਈ ਜ਼ਰੂਰਤ ਦਾ ਸਾਮਾਨ ਭੇਜਿਆ ਜਾ ਰਿਹਾ ਹੈ। ਇਸ ਸਬੰਧੀ ਦੋਰਾਹਾ ਨੇੜੇ ਮੈਕਡੋਨਲ ਸਾਹਮਣੇ ਸਿੰਘੂ ਬਾਰਡਰ ’ਤੇ ਜਾ ਰਹੇ ਕਿਸਾਨਾਂ ਅਤੇ ਸਮਰਥਕਾਂ ਲਈ ਦੁੱਧ, ਚਾਹ, ਲੰਗਰ ਅਤੇ ਹੋਰ ਜ਼ਰੂਰੀ ਸਾਮਾਨ ਲਈ ਕੈਂਪ ਲਗਾਇਆ ਗਿਆ ਹੈ। ਲੋਕ ਇਨਸਾਫ਼ ਪਾਰਟੀ ਦੇ ਬੁਲਾਰੇ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਚੱਲ ਰਹੇ ਇਸ ਚੌਵੀ ਘੰਟੇ ਦੇ ਰਾਹਤ ਕੈਂਪ ਵਿੱਚ ਅੱਜ ਟਰਾਲੀ ਡਰਾਈਵਰਾਂ ਨੂੰ ਸਰਦੀ ਤੋਂ ਬਚਾਅ ਲਈ ਪੀਪੀ ਕਿੱਟਾਂ ਭੇਟ ਕੀਤੀਆਂ ਗਈਆਂ।
ਯੂਥ ਅਕਾਲੀ ਦਲ ਨੇ ਖੋਲ੍ਹਿਆ ਦੁੱਧ ਦਾ ਠੇਕਾ
ਲੁਧਿਆਣਾ ਵਿੱਚ ਦੁੱਧ ਦਾ ਠੇਕਾ ਖੋਲ੍ਹ ਕੇ ਸੇਵਾ ਕਰਨ ਵਾਲੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਹੁਣ ਸਿੰਘੂ ਬਾਰਡਰ ’ਤੇ ਵੀ ਦੁੱਧ ਦਾ ਠੇਕਾ ਖੋਲ੍ਹ ਦਿੱਤਾ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੁੱਧ ਦਾ ਇਹ ਠੇਕਾ ਪੂਰਾ ਦਿਨ ਖੁੱਲ੍ਹਾ ਰਹੇਗਾ ਅਤੇ ਕੋਈ ਵੀ ਬਿਨਾਂ ਪੈਸੇ ਤੋਂ ਦੁੱਧ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਅੰਦੋਲਨ ਜਾਰੀ ਰਹਿਗਾ ਉਹ ਵੀ ਕਿਸਾਨਾਂ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਰਹਿਣਗੇ। ਇਸ ਮੌਕੇ ਗਗਨਦੀਪ ਸਿੰਘ ਗਿਆਸਪੁਰਾ , ਬੱਬੂ ਪੰਧੇਰ, ਜਵਾਹਰ ਸਿੰਘ, ਮਨੀ ਸਿੰਘ, ਪ੍ਰੀਤੀ ਕੌਰ ਆਦਿ ਵੀ ਹਾਜ਼ਰ ਸਨ।
ਕਿਸਾਨ ਯੂਨੀਅਨ (ਕਾਦੀਆਂ) ਨੇ ਕਿਸਾਨਾਂ ਨੂੰ ਬੂਟ ਭੇਜੇ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਬੂਟ ਪ੍ਰਦਾਨ ਕੀਤੇ ਹਨ। ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਅੱਜ ਇੱਥੇ ਦੱਸਿਆ ਕਿ ਇਸ ਸੇਵਾ ਵਿੱਚ ਰਵਨੀਤ ਬਰਾੜ ਮੁਕਤਸਰ, ਕਬੀਰ ਸਿੰਘ ਧਾਲੀਵਾਲ, ਨਵੀਨਪਾਲ ਸਿੰਘ, ਸਿਮਰਤ ਸਿੰਘ ਥੰਦੀ ਜਲੰਧਰ, ਸਤਨਾਮ ਗਿੱਲ, ਅਮਨਪ੍ਰੀਤ ਸਿੰਘ, ਵੀਰਪਾਲ ਸਿੰਘ ਘੰਗਰਾਣਾ, ਭੁਪਿੰਦਰ ਸਿੰਘ ਬਾਬਨੌਰਾ, ਕਰਮਜੀਤ ਸਿੰਘ, ਹੌਬੀ ਰੰਧਾਵਾ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ।