ਕਰੋਨਾ ਤੋਂ ਬੇਖੌਫ਼ ਹੋਏ ਲੁਧਿਆਣਵੀ

ਬਾਜ਼ਾਰਾਂ ਵਿੱਚ ਲਾਪ੍ਰਵਾਹ ਲੋਕਾਂ ਨੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ

ਕਰੋਨਾ ਤੋਂ ਬੇਖੌਫ਼ ਹੋਏ ਲੁਧਿਆਣਵੀ

ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਐਤਵਾਰ ਨੂੰ ਜੁਟੇ ਲੋਕ। -ਫੋਟੋ: ਹਿਮਾਂਸ਼ੂ

ਸਤਵਿੰਦਰ ਬਸਰਾ

ਲੁਧਿਆਣਾ, 5 ਦਸੰਬਰ

ਦੇਸ਼ ਦੇ ਕਈ ਸੂਬਿਆਂ ਵਿੱਚ ਕਰੋਨਾ ਦੇ ਨਵੇਂ ਸਰੂਪ ‘ਓਮੀਕਰੋਨ’ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਭਾਵੇਂ ਉੱਥੋਂ ਦੇ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਪਰ ਲੁਧਿਆਣਵੀ ਇਸ ਪ੍ਰਤੀ ਬੇਖੌਫ ਹੋ ਕਿ ਬਾਜ਼ਾਰਾਂ ਵਿੱਚ ਭੀੜ ਦੀ ਸ਼ਕਲ ਵਿੱਚ ਆਮ ਘੁੰਮਦੇ ਦੇਖੇ ਜਾ ਸਕਦੇ ਹਨ। ਇਹ ਨਜ਼ਾਰਾ ਐਤਵਾਰ ਨੂੰ ਲੁਧਿਆਣਾ ਦੇ ਚੌੜਾ ਬਾਜ਼ਾਰ ਸਮੇਤ ਹੋਰ ਕਈ ਬਾਜ਼ਾਰਾਂ ਵਿੱਚ ਦੇਖਣ ਨੂੰ ਮਿਲਿਆ ਹੈ। ਦੂਜੇ ਪਾਸੇ ਸਿਵਲ ਸਰਜਨ ਨੇ ਐੱਸਐੱਮਓ ਨਾਲ ਮੀਟਿੰਗਾਂ ਕਰਕੇ ਹਦਾਇਤਾਂ ਜਾਰੀ ਕੀਤੀਆਂ ਹਨ।

ਪਹਿਲਾਂ ਕਰਨਾਟਕਾ ਅਤੇ ਉਸ ਤੋਂ ਬਾਅਦ ਗੁਜਰਾਤ ਵਿੱਚ ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਦੇ ਕੇਸ ਸਾਹਮਣੇ ਆਉਣ ਨਾਲ ਸਹਿਮ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਕੇਂਦਰ ਵੱਲੋਂ ਵੀ ਕਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਅਫਸੋਸ ਇਸ ਮਹਾਮਾਰੀ ਪ੍ਰਤੀ ਲੁਧਿਆਣਾ ਦੇ ਬਹੁਤੇ ਲੋਕਾਂ ’ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਬਾਜ਼ਾਰਾਂ ਵਿੱਚ ਲੋਕ ਬਿਨਾਂ ਮਾਸਕ, ਬਿਨਾਂ ਆਪਸੀ ਦੂਰੀ ਬਣਾ ਕੇ ਚੱਲਦੇ ਆਮ ਦੇਖੇ ਜਾ ਸਕਦੇ ਹਨ। ਐਤਵਾਰ ਨੂੰ ਤਾਂ ਚੌੜਾ ਬਾਜ਼ਾਰ, ਘੁਮਾਰ ਮੰਡੀ, ਫੀਲਡ ਗੰਜ, ਸਰਾਫਾ ਬਾਜ਼ਾਰ, ਦਰੇਸੀ ਗਰਾਊਂਡ, ਜਵਾਹਰ ਨਗਰ ਕੈਂਪ ਆਦਿ ਬਾਜ਼ਾਰਾਂ ਵਿੱਚ ਭੀੜ ਇੰਨੀ ਵਧ ਦੇਖੀ ਗਈ ਕਿ ਲੋਕਾਂ ਨੂੰ ਪੈਦਲ ਲੰਘਣਾ ਵੀ ਮੁਸ਼ਕਲ ਲੱਗ ਰਿਹਾ ਸੀ। ਦੂਜੇ ਪਾਸੇ ਸਿਵਲ ਸਰਜਨ ਡਾ. ਐੱਸਪੀ ਸਿੰਘ ਨੇ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੀਆਂ ਹਦਾਇਤਾਂ ਜਾਰੀ ਹੋ ਸਕਦੀਆਂ ਹਨ। ਡਾ. ਸਿੰਘ ਨੇ ਦੱਸਿਆ ਕਿ ‘ਓਮੀਕਰੋਨ’ ਨੂੰ ਧਿਆਨ ਵਿੱਚ ਰੱਖਦਿਆਂ ਐੱਸਐੱਮਓ ਦੀਆਂ ਬਲਾਕ ਪੱਧਰ ’ਤੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਮਾਸ ਮੀਡੀਆ ਵੱਲੋਂ ਸਕੂਲਾਂ ਵਿੱਚ ਜਾਗਰੂਕ ਕਰਨ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕਰੋਨਾ ਕੇਸਾਂ ਦੀ ਜਾਂਚ ਲਈ ਸੈਂਪਲਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਇਸ ਦੌਰਾਨ ਜੇਕਰ ਕੋਈ ਵੀ ਕੇਸ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਦੀ ਕਰੋਨਾ ਦੇ ਨਵੇਂ ਸਰੂਪ ਨੂੰ ਸਾਹਮਣੇ ਰੱਖ ਕੇ ਵੀ ਜਾਂਚ ਕੀਤੀ ਜਾਵੇਗੀ ਪਰ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹੇ ਵਿੱਚ ਕਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਕਾਫੀ ਘੱਟ ਹੈ।

ਲੁਧਿਆਣਾ ਵਿੱਚ ਕਰੋਨਾ ਦੇ 9 ਨਵੇਂ ਕੇਸ

ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਐੱਸਪੀ ਸਿੰਘ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਨੂੰ ਮਾਤ ਦੇ ਕੇ 97.56 ਫ਼ੀਸਦ ਮਰੀਜ਼ ਠੀਕ ਹੋਏ ਹਨ। ਅੱਜ ਪੈਂਡਿੰਗ ਰਿਪੋਰਟਾਂ ਵਿੱਚੋਂ 9 ਸੈਂਪਲਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਅਤੇ ਇਹ ਸਾਰੇ ਹੀ ਮਰੀਜ਼ ਲੁਧਿਆਣਾ ਨਾਲ ਸਬੰਧਤ ਹਨ। ਇਸੇ ਤਰ੍ਹਾਂ ਇੱਕ ਕਰੋਨਾ ਮਰੀਜ਼ ਦੀ ਮੌਤ ਹੋਈ ਹੈ, ਜੋ ਕਿ ਹੁਸ਼ਿਆਰਪਰ ਜ਼ਿਲ੍ਹੇ ਨਾਲ ਸਬੰਧਤ ਸੀ। ਅੱਜ ਵੀ 3988 ਸ਼ੱਕੀ ਲੋਕਾਂ ਦੇ ਆਰਟੀਪੀਸੀਆਰ ਸੈਂਪਲ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਾ ਕੇ ਰੱਖਣ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All