ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਜੁਲਾਈ
ਸਨਅਤੀ ਸ਼ਹਿਰ ਦੇ ਇੰਚਾਰਜ ਲਗਾਏ ਗਏ ਪੰਜਾਬ ਦੇ ਖੁਰਾਕ, ਸਿਵਲ ਸਪਲਾਈ, ਖ਼ਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇੱਥੇ ਵੱਖ -ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਚਾਰ ਅਗਸਤ ਤੱਕ ਸ਼ਹਿਰ ਵਿੱਚ 9 ਆਮ ਆਦਮੀ ਕਲੀਨਿਕ ਤਿਆਰ ਹੋ ਜਾਣਗੇ, ਜਿਸਨੂੰ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਸਮਰਪਿਤ ਕਰਨਗੇ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਇਨ੍ਹਾਂ ਕਲੀਨਿਕਾਂ ਦੀਆਂ ਇਮਾਰਤਾਂ 4 ਅਗਸਤ ਨੂੰ ਸਿਵਲ ਵਰਕਸ ਮੁਕੰਮਲ ਹੋਣ ਤੋਂ ਬਾਅਦ ਸਿਹਤ ਵਿਭਾਗ ਨੂੰ ਸੌਂਪ ਦਿੱਤੀਆਂ ਜਾਣਗੀਆਂ। ਮੰਤਰੀ ਨੇ ਬੁੱਢਾ ਦਰਿਆ ਕਾਇਆ ਕਲਪ ਪ੍ਰਾਜੈਕਟ, ਸਮਾਰਟ ਸਿਟੀ ਕਾਰਜਾਂ, ਸਿਹਤ ਅਤੇ ਸਿੱਖਿਆ ਸਕੀਮਾਂ, ਖੁਰਾਕ ਸਪਲਾਈ ਅਤੇ ਹੋਰ ਭਲਾਈ ਪ੍ਰੋਗਰਾਮਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਉਨ੍ਹਾਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਬੁੱਢਾ ਦਰਿਆ ਕਾਇਆ ਕਲਪ ਪ੍ਰਾਜੈਕਟ ਦੀ ਨਿਗਰਾਨੀ ਲਈ ਤਾਇਨਾਤ ਹੋਰ ਵਿਧਾਇਕਾਂ ਨੂੰ ਵੀ ਕਿਹਾ ਕਿ ਉਹ ਮੀਟਿੰਗ ਕਰਕੇ ਇਸ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਵੇਰਵੇ ਪੇਸ਼ ਕਰਨ ਤਾਂ ਜੋ ਸਾਰੀਆਂ ਕਮੀਆਂ, ਜੇਕਰ ਕੋਈ ਹਨ, ਨੂੰ ਸਮੇਂ ਸਿਰ ਦੇਖਭਾਲ ਕਰਕੇ ਦੂਰ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਇਹ ਕਲੀਨਿਕ ਕਿਦਵਈ ਨਗਰ ਦੇ ਨਾਲ ਲੱਗਦੇ ਸੂਫੀਆਂ ਚੌਕ, ਨਗਰ ਨਿਗਮ ਦਫ਼ਤਰ ਮੈਟਰੋ ਰੋਡ, ਨਗਰ ਨਿਗਮ ਦਫ਼ਤਰ ਨੇੜੇ ਚਾਂਦ ਸਿਨੇਮਾ, ਬੀਐੱਸਯੂਪੀ ਫਲੈਟ ਦੇ ਨਾਲ ਢੰਡਾਰੀ ਕਲਾਂ, ਜੀ.ਕੇ. ਐਨਕਲੇਵ ਕੇਹਰ ਸਿੰਘ ਕਲੋਨੀ (ਖੰਨਾ), ਮਿਊਂਸਿਪਲ ਕਮੇਟੀ, ਬੱਸ ਸਟੈਂਡ (ਰਾਏਕੋਟ), ਟਰਾਂਸਪੋਰਟ ਨਗਰ, ਪੀਐੱਸਪੀਸੀਐੱਲ ਦਫ਼ਤਰ ਦੀ ਇਮਾਰਤ ਫੋਕਲ ਪੁਆਇੰਟ ਅਤੇ ਪੁਰਾਣਾ ਹਸਪਤਾਲ ਰਾਏਕੋਟ ਰੋਡ, ਜਗਰਾਉਂ ਵਿੱਚ ਤਿਆਰ ਕਰਵਾਏ ਜਾ ਰਹੇ ਹਨ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਬੱਸੀ ਗੋਗੀ, ਰਜਿੰਦਰਪਾਲ ਕੌਰ ਛੀਨਾ, ਹਰਦੀਪ ਸਿੰਘ ਮੁੰਡੀਆਂ, ਕੁਲਵੰਤ ਸਿੰਘ ਸਿੱਧੂ, ਜਗਤਾਰ ਸਿੰਘ ਦਿਆਲਪੁਰਾ, ਮਨਵਿੰਦਰ ਸਿੰਘ ਗਿਆਸਪੁਰਾ ਆਦਿ ਮੌਜੂਦ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਨੂੰ ‘ਗਾਰਡ ਆਫ ਆਨਰ’
ਪਹਿਲੀ ਵਾਰ ਜ਼ਿਲ੍ਹੇ ਵਿੱਚ ਪਹੁੰਚਣ ’ਤੇ ਪੁਲੀਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਸੰਯੁਕਤ ਪੁਲੀਸ ਕਮਿਸ਼ਨਰ ਡਾ. ਨਰਿੰਦਰ ਭਾਰਗਵ, ਨਗਰ ਸੁਧਾਰ ਟਰੱਸਟ ਦੇ ਐਲਏਸੀ ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰਾਂ ਵਿੱਚ ਅਮਿਤ ਕੁਮਾਰ ਪੰਚਾਲ, ਅਮਰਜੀਤ ਬੈਂਸ, ਅਨੀਤਾ ਦਰਸ਼ੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ.ਕੇ.ਐਨ.ਐਸ. ਕੰਗ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ ਅਤੇ ਹਰਭੁਪਿੰਦਰ ਸਿੰਘ ਧਰੌੜ, ਅਮਨਦੀਪ ਸਿੰਘ ਮੋਹੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।