ਗਗਨਦੀਪ ਅਰੋੜਾ
ਲੁਧਿਆਣਾ, 29 ਅਪਰੈਲ
ਸੂਬੇ ਵਿੱਚ ਜਾਰੀ ਹੋਏ ਯੈਲੋ ਅਲਰਟ ਵਿੱਚ ਲੁਧਿਆਣਾ ਦਾ ਪਾਰਾ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਪਾਰਾ 43 ਡਿਗਰੀ ਦੇ ਪਾਰ ਹੋ ਗਿਆ। ਦੁਪਹਿਰ ਵੇਲੇ ਚਲਦੀ ਲੂ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਇਨ੍ਹਾਂ ਹੀ ਨਹੀਂ ਤੱਪਦੀ ਗਰਮੀ ਦੌਰਾਨ ਰੋਜ਼ਾਨਾ ਲੱਗ ਰਹੀ ਬਿਜਲੀ ਕੱਟਾਂ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ 2 ਮਈ ਤੱਕ ਮੌਮਸ ਇਸੇ ਤਰ੍ਹਾਂ ਰਹਿਣ ਵਾਲਾ ਹੈ। ਮਾਹਿਰਾਂ ਦੀ ਮੰਨੀਏ ਤਾਂ ਦਿਨ ਵੇਲੇ ਲੂ ਚੱਲੇਗੀ, ਇਸ ਕਰਕੇ ਅਗਰ ਜ਼ਰੂਰ ਹੋਵੇ ਤਾਂ ਹੀ ਲੋਕ 12 ਵਜੇ ਤੋਂ 4 ਵਜੇ ਤੱਕ ਘਰੋਂ ਬਾਹਰ ਨਿਕਲਣ। ਪੀਏਯੂ ਵਿੱਚ ਮੌਸਮ ਵਿਭਾਗ ਦੇ ਵਿਗਿਆਨੀ ਕੇਕੇ ਗਿੱਲ ਦਾ ਕਹਿਣਾ ਹੈ ਕਿ ਸੂਬੇ ਵਿੱਚ ਵਿਭਾਗ ਨੇ ਤੱਪਦੀ ਗਰਮੀ ਕਰਕੇ ਪਹਿਲਾਂ ਹੀ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ, ਇਸਦਾ ਮਤਬਲ ਹੈ ਕਿ ਗਰਮੀ ਆਪਣੀ ਸਿੱਖਰ ’ਤੇ ਰਹੇਗੀ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ। ਜੋ ਕਿ 2 ਮਈ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਵੀ ਤਾਪਮਾਨ 43 ਡਿਗਰੀ ਤੱਕ ਪੁੱਜ ਗਿਆ ਹੈ। ਇਸਦੇ ਨਾਲ ਹੀ ਘੱਟੋਂ ਘੱਟ ਤਾਪਮਾਨ ਵੀ 26 ਡਿਗਰੀ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਜਿਹਾ ਘੱਟ ਹੀ ਹੋਇਆ ਹੈ ਕਿ ਅਪਰੈਲ ਦੇ ਅੰਤ ਵਿੱਚ ਪਾਰਾ 43 ਡਿਗਰੀ ਤੱਕ ਹੋਇਆ ਹੋਵੇ। ਉਨ੍ਹਾਂ ਦੱਸਿਆ ਪਾਰਾ ਵਧਣ ਕਾਰਨ ਲਗਾਤਾਰ ਲੂ ਚੱਲ ਰਹੀ ਹੈ, ਜਿਸ ਵਿੱਚ ਲੋਕਾਂ ਨੂੰ ਆਪਣਾ ਖਿਆਲ ਰੱਖਣਾ ਪਵੇਗਾ।
ਵੱਧਦੀ ਗਰਮੀ ਦੇ ਨਾਲ ਹੀ ਸਨਅਤੀ ਸ਼ਹਿਰ ਵਿੱਚ ਬਿਜਲੀ ਦੇ ਕੱਟ ਵੀ ਵੱਧਦੇ ਜਾ ਰਹੇ ਹਨ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ 2 ਤੋਂ 4 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਜਿਸ ਕਰਕੇ ਗਰਮੀ ਦੌਰਾਨ ਲੋਕਾਂ ਨੂੰ ਹੋਰ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪੈਂਦਾ ਹੈ।