ਗਗਨਦੀਪ ਅਰੋੜਾ
ਲੁਧਿਆਣਾ, 8 ਜੂਨ
ਸਨਅਤੀ ਸ਼ਹਿਰ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਵੱਧੋਂ ਵੱਧ ਤਾਪਮਾਨ 45 ਡਿਗਰੀ ਦੇ ਨੇੜੇ ਪੁੱਜ ਰਿਹਾ ਹੈ। ਬੁੱਧਵਾਰ ਨੂੰ ਵੀ ਸ਼ਹਿਰ ਵਿੱਚ ਪਾਰਾ 44 ਡਿਗਰੀ ਦੇ ਪਾਰ ਰਿਹਾ। ਇਸਦੇ ਨਾਲ ਹੀ ਸ਼ਹਿਰ ਵਿੱਚ ਚੱਲਣ ਵਾਲੀਆਂ ਗਰਮ ਹਵਾਵਾਂ ਕਾਰਨ ਲੋਕ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ। ਮੌਸਮ ਵਿਭਾਗ ਨੇ ਪਹਿਲਾਂ ਹੀ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਸੀ ਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇ ਬਹੁਤ ਜ਼ਰੂਰੀ ਹੋਵੇ ਤਾਂ ਹੀ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਿਆ ਜਾਏ।
ਇਸ ਤੋਂ ਬਾਅਦ ਅੱਜ ਸ਼ਹਿਰ ਵਿੱਚ ਗਰਮੀ ਨੇ ਲੋਕਾਂ ਨੂੰ ਕਾਫ਼ੀ ਤਪਾਇਆ। ਹਾਲਾਤ ਇਹ ਸਨ ਕਿ ਦੁਪਹਿਰ ਵੇਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਘੱਟੋਂ ਘੱਟ ਤਾਪਮਾਨ ਵੀ 30 ਡਿਗਰੀ ਤੱਕ ਰਿਹਾ। ਜਿਸ ਕਾਰਨ ਤੜਕੇ ਸਵੇਰੇ ਤੋਂ ਹੀ ਮੌਸਮ ਗਰਮ ਹੀ ਰਿਹਾ। ਇਸਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਤੱਕ ਦਰਜ ਕੀਤਾ ਗਿਆ।
ਦੁਪਹਿਰ 12 ਵਜੇ ਤੋਂ ਬਾਅਦ ਹੀ ਪਾਰਾ ਵਧਣ ਕਾਰਨ ਲੂ ਚੱਲਣੀ ਸ਼ੁਰੂ ਹੋ ਗਿਈ। ਇਸ ਕਾਰਨ ਨਾਲ ਲੋਕ ਘਰਾਂ ਅੰਦਰ ਰਹਿਣ ਲਈ ਮਜਬੂਰ ਰਹੇ। ਦੁਪਹਿਰ ਨੂੰ ਬਾਜ਼ਾਰ ਵੀ ਸੁੰਨਸਾਨ ਨਜ਼ਰ ਆਏ। ਸਵੇਰੇ ਹੁੰਦੇ ਹੀ ਜਿਵੇਂ ਹੀ ਗਰਮੀ ਸ਼ੁਰੂ ਹੋ ਗਈ ਸੀ, ਉਵੇਂ ਹੀ ਸ਼ਾਮ 6 ਵਜੇ ਤੱਕ ਤਿੱਖੀ ਧੁੱਪ ਹੋਣ ਕਾਰਨ ਗਰਮ ਹਵਾਵਾਂ ਕਾਰਨ ਲੋਕ ਪਰੇਸ਼ਾਨ ਰਹੇ। ਉਧਰ, ਮੌਸਮ ਵਿਭਾਗ ਅਨੁਸਾਰ ਹਾਲੇ ਮੌਨਸੂਨ 13 ਜੂਨ ਤੋਂ ਬਾਅਦ ਹੀ ਆਏਗੀ। ਆਉਣ ਵਾਲੇ ਇੱਕ ਦੋ ਦਿਨ ਹੋਰ ਇਸ ਤਰ੍ਹਾਂ ਹੀ ਲੂ ਚੱਲੇਗੀ ਤੇ ਜਿਸ ਕਾਰਨ ਅੱਗੇ ਹੋਰ ਗਰਮੀ ਵੱਧਣ ਦੇ ਆਸਾਰ ਹਨ।