ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਅਕਤੂਬਰ
ਸਨਅਤੀ ਸ਼ਹਿਰ ਸਣੇ ਗੁਆਂਢੀ ਸੂਬਿਆਂ ਦੇ ਇਲਾਕਿਆਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਤਾਜਪੁਰ ਰੋਡ ’ਤੇ ਤਿਆਰ ਕੀਤੇ ਗਏ ਡਾਇੰਗ ਇੰਡਸਟਰੀ ਦੇ ਕਾਮਨ ਇਫਲੂਐਂਟ ਟਰੀਟਮੈਂਟ ਪਲਾਂਟ (ਸੀਈਟੀਪੀ) ਦੇ ਅਗਲੇ ਮਹੀਨੇ ਸ਼ੁਰੂ ਹੋਣ ਦੇ ਆਸਾਰ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਸੀਈਟੀਪੀ ਚਾਲੂ ਕਰਨ ਲਈ ਡਾਇੰਗ ਇੰਡਸਟਰੀ ਨੂੰ ਆਖਰੀ ਮਿਤੀ ਦੇ ਦਿੱਤੀ ਹੈ।
ਉਧਰ, ਪੀਪੀਸੀਬੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਡਾਇਰਸ ਐਸੋਸੀਏਸ਼ਨ ਨੇ ਸੀਈਟੀਪੀ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ਫੋਕਲ ਪੁਆਇੰਟ ਡਾਇੰਗ ਇੰਡਸਟਰੀ ਨੇ ਤਾਂ ਟਰਾਇਲ ਸ਼ੁਰੂ ਕਰਨ ਲਈ ਪਿਛਲੇਂ ਮਹੀਨੇ ਹੀ ਡਾਇੰਗ ਯੂਨਿਟਾਂ ਦਾ ਪਾਣੀ ਸੀਈਟੀਪੀ ’ਚ ਛੱਡਣ ਦੀ ਕਾਰਵਾਈ ਆਰੰਭ ਕਰ ਦਿੱਤੀ ਸੀ। ਜਦੋਂ ਕਿ ਤਾਜਪੁਰ ਰੋਡ ਡਾਇੰਗ ਐਸੋਸੀਏਸ਼ਨ ਦੇ ਵੱਲੋਂ ਇਹ ਕਾਰਵਾਈ ਹੁਣ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਡਾਇਰਸ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਮੱਕੜ ਨੇ ਦੱਸਿਆ ਕਿ ਫੋਕਲ ਪੁਆਇੰਟ ਮੈਡੀਊਲ ਨੇ ਟਰਾਇਲ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ 2-3 ਡਾਇੰਗ ਯੂਨਿਟਾਂ ਦਾ ਪਾਣੀ ਸੀਈਟੀਪੀ ’ਚ ਟਰਾਇਲ ਵਜੋਂ ਭੇਜਿਆ ਗਿਆ ਹੈ। ਅਗਲੇ 2-4 ਦਿਨਾਂ ’ਚ 2 ਦਰਜਨ ਤੋਂ ਜ਼ਿਆਦਾ ਡਾਇੰਗ ਯੂਨਿਟਾਂ ਦਾ ਪਾਣੀ ਪਲਾਂਟ ’ਚ ਪੁੱਜਣ ਦੀ ਸੰਭਾਵਨਾ ਹੈ।