ਗਗਨਦੀਪ ਅਰੋੜਾ
ਲੁਧਿਆਣਾ, 13 ਅਕਤੂਬਰ
ਸਨਅਤੀ ਸ਼ਹਿਰ ’ਚ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਸਨਅਤਕਾਰਾਂ ਨੂੰ ਮਿਲਣ ਦੇ ਲਈ ਆਏ ਕਾਂਗਰਸੀ ਮੰਤਰੀਆਂ ਨੂੰ ਸਨਅਤਕਾਰਾਂ ਕੋਲੋਂ ਖਰੀਆਂ ਖਰੀਆਂ ਸੁਣਨੀਆਂ ਪਈਆਂ। ਵਿੱਤ ਮੰਤਰੀ ਨੂੰ ਸਾਫ਼ ਤੌਰ ’ਤੇ ਸਨਅਤਕਾਰਾਂ ਨੇ ਕਹਿ ਦਿੱਤਾ ਕਿ ਕਾਂਗਰਸ ਦੇ ਰਾਜ ਵਿੱਚ ਕਿਸੇ ਵੀ ਦਫ਼ਤਰ ਵਿੱਚ ਬਿਨਾਂ ਪੈਸੇ ਦੇ ਕੰਮ ਨਹੀਂ ਹੁੰਦਾ। ਜਦੋਂ ਸਨਅਤਕਾਰ ਮੂੰਹ ’ਤੇ ਮੰਤਰੀਆਂ ਨੂੰ ਖਰੀਆਂ ਸੁਣਾ ਰਹੇ ਸਨ, ਉਦੋਂ ਉਨ੍ਹਾਂ ਦੇ ਨਾਲ ਲੁਧਿਆਣਾ ਤੋਂ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਨਾਲ ਬੈਠੇ ਹੋਏ ਸਨ। ਮੀਟਿੰਗ ਦੌਰਾਨ ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਨਅਤਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਗਰ ਕੋਈ ਸਮੱਸਿਆ ਹੈ ਤਾਂ ਦੱਸ ਦਿਓ, ਤਾਂ ਇਸ ਦੌਰਾਨ ਨਿਟਵੀਅਰ ਕਲੱਬ ਦੇ ਪ੍ਰਧਾਨ ਦਰਸ਼ਨ ਡਾਬਰ ਉਠੇ ਤੇ ਉਨ੍ਹਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਟੈਕਸ ਵਿਭਾਗ ਦੇ ਅਧਿਕਾਰੀ ਸਨਅਤਕਾਰਾਂ ਨੂੰ ਪ੍ਰੇਸ਼ਾਨ ਕਰਦੇ ਹਨ। ਈ-ਬਿੱਲ ਹੋਣ ਦੇ ਬਾਵਜੂਦ 2 ਤੋਂ 3 ਦਿਨ ਤੱਕ ਉਨ੍ਹਾਂ ਦੇ ਵਾਹਨ ਖੜ੍ਹੇ ਰਹਿੰਦੇ ਹਨ ਤੇ ਕੋਈ ਸੁਣਵਾਈ ਨਹੀਂ ਹੁੰਦੀ। ਇਸ ਭ੍ਰਿਸ਼ਟਾਚਾਰ ਨੂੰ ਰੋਕਣ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਨਅਤਕਾਰਾਂ ਨੂੰ ਰਾਹਤ ਮਿਲ ਸਕੇ।
ਮੀਟਿੰਗ ’ਚ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਲੁਧਿਆਣਾ ਦੀ ਇੰਡਸਟਰੀ ਨੂੰ ਆ ਰਹੀਆਂ ਮੁੱਖ 16 ਸਮੱਸਿਆਵਾਂ ਵਿੱਤ ਮੰਤਰੀ ਦੇ ਸਾਹਮਣੇ ਰੱਖੀਆਂ। ਇਸ ’ਚ ਸਭ ਤੋਂ ਪਹਿਲਾਂ ਸਰਕਾਰੀ ਵਿਭਾਗਾਂ ’ਚ ਵੱਡੇ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ, ਮਿਕਸ ਲੈਂਡ ’ਚ ਚੱਲ ਰਹੀ ਇੰਡਸਟਰੀ, ਵੈਟ ਐਂਡ ਜੀਐੱਸਟੀ ਰੀਫੰਡ ਜਿਸ ’ਚ ਵਪਾਰੀਆਂ ਦੇ ਕਰੋੜਾਂ ਰੁਪਏ ਫਸੇ ਹੋਏ ਹਨ, ਸਭ ਤੋਂ ਆਖਰ ’ਚ ਇੰਡਸਟਰੀ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਉਣ ਦੀ ਗੱਲ ਨੂੰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਹਾਲੇ ਬਿਜਲੀ 9 ਰੁਪਏ ਯੂਨਿਟ ਮਿਲ ਰਹੀ ਹੈ।
ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ’ਚ ਫੈਲੇ ਭ੍ਰਿਸ਼ਟਾਚਾਰ, ਢਾਂਚੇ ਸਮੇਤ ਹੋਰ ਮੁਸ਼ਕਲਾਂ ਦੀ ਝੜੀ ਲਾ ਦਿੱਤੀ। ਵਿੱਤ ਮੰਤਰੀ ਤੇ ਵਪਾਰ ਮੰਤਰੀ ਨੇ ਜਲਦੀ ਹੀ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ।
ਸਨਅਤਾਂ ਨੂੰ ਵਿਕਸਤ ਕਰਨ ਲਈ 20 ਕਰੋੜ ਦੇ ਪੈਕੇਜ ਦਾ ਐਲਾਨ
ਸਨਅਤਕਾਰਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਤੋਂ ਬਾਅਦ ਵਿੱਤ ਮੰਤਰੀ ਨੇ ਸਨਅਤਾਂ ਨੂੰ ਵਿਕਸਿਤ ਕਰਨ ਲਈ 20 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ 15 ਕਰੋੜ ਰੁਪਏ ਮੇਅਰ ਬਲਕਾਰ ਸੰਧੂ ਤੇ 10 ਕਰੋੜ ਰੁਪਏ ਇੰਪੂਰਵਮੈਂਟ ਟਰੱਸਟ ਦੇ ਚੇਅਰਮੈਨ ਵੱਲੋਂ ਜਾਰੀ ਕਰਨ ਦਾ ਐਲਾਨ ਕੀਤਾ ਗਿਆ। ਕਾਰੋਬਾਰੀਆਂ ਨੇ ਇਸ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸਦਾ ਫਾਇਦਾ ਤਾਂ ਹੋਵੇਗਾ ਜੇਕਰ ਸਰਕਾਰ ਇਨ੍ਹਾਂ ਪੈਸਿਆਂ ਨੂੰ ਜਾਰੀ ਵੀ ਕਰਦੀ ਹੈ, ਬਾਕੀ ਐਲਾਨ ਦਾ ਤਾਂ ਕੋਈ ਫਾਇਦਾ ਨਹੀਂ ਹੈ।
48 ਹਜ਼ਾਰ ਦੇ ਵੈਟ ਅਸੈਸਮੈਂਟ ਕੇਸਾਂ ਦਾ ਨਿਪਟਾਰਾ
ਵਿੱਤ ਮੰਤਰੀ ਨੇ ਮੀਟਿੰਗ ਸ਼ੁਰੂ ਹੁੰਦੇ ਹੀ ਸਭ ਤੋਂ ਪਹਿਲਾਂ ਵਪਾਰੀਆਂ ਨੂੰ 48 ਹਜ਼ਾਰ ਵੈਟ ਅਸੈਸਮੈਂਟ ਕੇਸਾਂ ਦਾ ਨਿਪਟਾਰਾ ਕਰਨ ਦਾ ਫ਼ੈਸਲਾ ਸੁਣਾਇਆ। ਇਨ੍ਹਾਂ ਸਾਰੇ ਕੇਸਾਂ ਨੂੰ ਇੱਕ ਹਫ਼ਤੇ ’ਚ ਕਲੀਅਰ ਕੀਤਾ ਜਾਵੇਗਾ। ਇਸ ਤੋਂ ਬਾਅਦ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਦੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਵਾਅਦੇ ਨੂੰ ਯਾਦ ਕਰਵਾਇਆ। ਇਸ ਸਮੇਂ ਕਾਰੋਬਾਰੀਆਂ ਨੂੰ 9 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ।
ਦਿਵਾਲੀ ਤੋਂ ਪਹਿਲਾਂ ਬਿਜਲੀ ਬਿੱਲਾਂ ’ਤੇ ਮਿਲੇਗੀ ਵੱਡੀ ਰਾਹਤ: ਵਿੱਤ ਮੰਤਰੀ
ਮੀਟਿੰਗ ਵਿੱਚ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਵਾਸੀਆਂ ਨੂੰ ਦਿਵਾਲੀ ਤੋਂ ਪਹਿਲਾਂ ਬਿਜਲੀ ਬਿੱਲਾਂ ’ਤੇ ਪੰਜਾਬ ਸਰਕਾਰ ਕੋਈ ਨਾ ਕੋਈ ਰਾਹਤ ਜ਼ਰੂਰ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਰਾਹਤ ਕੀ ਹੋਵੇਗੀ ਤੇ ਕਿਸ ਤਰ੍ਹਾਂ ਦਿੱਤੀ ਜਾਵੇਗੀ, ਇਸ ਬਾਰੇ ਹਾਲੇ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ’ਚ ਬਿਜਲੀ ਕਿੱਲਤ ਦੇ ਸਵਾਲ ’ਤੇ ਬਾਦਲ ਨੇ ਕਿਹਾ ਕਿ ਕੋਲ ਇੰਡੀਆ ਦੀਆਂ ਖਾਣਾਂ ’ਚ ਪਾਣੀ ਭਰਨ ਨਾਲ ਮਾਈਨਿੰਗ ਦਾ ਕੰਮ ਰੁਕ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਸਰਕਾਰ ਬਿਜਲੀ ਉਤਪਾਦਨ ਦਾ ਤਰੀਕਾ ਬਦਲਣ ਜਾ ਰਹੀ। ਇਸ ’ਚ ਸੋਲਰ, ਗੈਸ ਦੀ ਯੋਜਨਾ ਬਣਾਈ ਜਾਵੇਗੀ ਕਿਉਂਕਿ ਕੋਲੇ ਦਾ ਕਿਰਾਇਆ ਸਭ ਤੋਂ ਮਹਿੰਗਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ 10 ਦਿਨਾਂ ਵਿੱਚ ਸਾਰੇ ਪ੍ਰਮੁੱਖ ਉਦਯੋਗਿਕ ਕਸਬਿਆਂ ਦਾ ਦੌਰਾ ਕਰਨਗੇ ਅਤੇ ਉਦਯੋਗਪਤੀਆਂ ਦੇ ਸਾਰੇ ਮੁੱਦਿਆਂ ਨੂੰ ਛੇਤੀ ਹੱਲ ਕੀਤਾ ਜਾਵੇਗਾ।