ਗਗਨਦੀਪ ਅਰੋੜਾ
ਲੁਧਿਆਣਾ, 3 ਜੂਨ
ਸਨਅਤੀ ਸ਼ਹਿਰ ਵਿੱਚ ਅੱਜ ਤੇਜ਼ ਧੁੱਪ ਤੇ ਗਰਮੀ ਨੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਦੁੱਭਰ ਕਰ ਦਿੱਤਾ। ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਸਵੇਰ ਤੋਂ ਹੀ ਮੌਸਮ ਗਰਮ ਰਿਹਾ। ਸਵੇਰੇ 8 ਵਜੇ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਇਸ ਦੌਰਾਨ ਏਅਰ ਕੁਆਲਟੀ ਇੰਡੈਕਸ 190 ’ਤੇ ਸੀ। ਜ਼ਿਕਰਯੋਗ ਹੈ ਕਿ ਸ਼ਹਿਰ ’ਚ ਪਿਛਲੇ 2 ਦਿਨ ਤੋਂ ਪਾਰਾ 44 ਤੋਂ 45 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ।
ਅੱਜ ਤੜਕੇ ਠੰਢੀ ਹਵਾ ਚੱਲ ਰਹੀ ਸੀ, ਪਰ ਜਿਉਂ-ਜਿਉਂ ਦਿਨ ਚੜ੍ਹਦਾ ਗਿਆ, ਉਸੇ ਤਰ੍ਹਾਂ ਗਰਮੀ ਵੀ ਵੱਧ ਹੁੰਦੀ ਗਈ। ਦੁਪਹਿਰ ਵੇਲੇ ਗਰਮ ਹਵਾ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੁਪਹਿਰ 1 ਤੋਂ 4 ਵਜੇ ਧੁੱਪ ਤੇਜ਼ ਸੀ, ਜੋ ਰਾਹਗੀਰਾਂ ਲਈ ਵੀ ਪ੍ਰੇਸ਼ਾਨੀ ਦਾ ਸੱਬਬ ਬਣੀ। ਮੌਸਮ ਵਿਭਾਗ ਮੁਤਾਬਕ ਸ਼ਨਿੱਚਰਵਾਰ ਨੂੰ ਵੀ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਤੇ ਸ਼ਾਮ ਤੱਕ ਬੱਦਲਵਾਈ ਹੋ ਸਕਦੀ ਹੈ। ਪਿਛਲੇ ਹਫ਼ਤੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੋਈ ਸੀ। ਪਰ ਹੁਣ ਦੋ ਤਿੰਨ ਦਿਨ ਤੋਂ ਲਗਾਤਾਰ ਗਰਮੀ ਵਧਦੀ ਜਾ ਰਹੀ ਹੈ। ਅੱਜ ਵੀ ਲੁਧਿਆਣਾ ਵਿੱਚ ਘੱਟੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 5 ਜੂਨ ਤੱਕ ਮੌਸਮ ਗਰਮ ਰਹਿਣ ਦੇ ਆਸਾਰ ਹਨ। ਉਨ੍ਹਾਂ ਲੋਕਾਂ ਨੂੰ ਧੁੱਪ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਤੇਜ਼ ਧੁੱਪ ਕਾਰਨ ਅੱਜ ਬਾਜ਼ਾਰ ਖਾਲੀ ਰਹੇ ਅਤੇ ਸੜਕਾਂ ’ਤੇ ਲੋਕਾਂ ਦੀ ਆਵਾਜਾਈ ਵੀ ਨਾਮਾਤਰ ਹੀ ਸੀ। ਜੋ ਲੋਕ ਸੜਕਾਂ ’ਤੇ ਨਿਕਲੇ, ਉਨ੍ਹਾਂ ਨੂੰ ਧੁੱਪ ਦਾ ਸਾਹਮਣਾ ਕਰਨਾ ਪਿਆ।