ਸਤਵਿੰਦਰ ਬਸਰਾ
ਲੁਧਿਆਣਾ, 13 ਜੂਨ
ਦੇਸ਼ ਦੀ ਵਪਾਰਕ ਹੱਬ ਹੋਣ ਕਰਕੇ ਪਹਿਲਾਂ ਹੀ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਗਿਣੇ ਜਾਂਦੇ ਲੁਧਿਆਣਾ ’ਚ ਕਈ ਥਾਵਾਂ ’ਤੇ ਲੋਕਾਂ ਨੂੰ ਸੜਕਾਂ ’ਤੇ ਜਮ੍ਹਾਂ ਹੋਏ ਗੰਦੇ ਅਤੇ ਤੇਜ਼ਾਬੀ ਪਾਣੀ ਨਾਲ ਵੀ ਜੂਝਣਾ ਪੈ ਰਿਹਾ ਹੈ। ਸਥਾਨਕ ਚੰਡੀਗੜ੍ਹ ਰੋਡ ’ਤੇ ਤਾਂ ਮੀਂਹ ਪੈਣ ਦੇ ਕਈ ਕਈ ਦਿਨ ਬਾਅਦ ਵੀ ਤੇਜ਼ਾਬੀ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਰਕੇ ਆਉਣ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੁਧਿਆਣਾ-ਚੰਡੀਗੜ੍ਹ ਸੜਕ ’ਤੇ ਇਹ ਸਮੱਸਿਆ ਕਈ ਸਾਲਾਂ ਪੁਰਾਣੀ ਹੈ, ਜਿਸ ਦਾ ਹਾਲੇ ਤੱਕ ਹੱਲ ਨਾ ਹੋ ਸਕਿਆ। ਕਈ ਵਾਰ ਤਾਂ ਮੀਂਹ ਨਾ ਪੈਣ ’ਤੇ ਵੀ ਸੀਵਰੇਜ ਰਾਹੀਂ ਇਹ ਪਾਣੀ ਕਈ ਕਿਲੋਮੀਟਰ ਤੱਕ ਸੜਕ ’ਤੇ ਘੁੰਮਦਾ ਰਹਿੰਦਾ ਹੈ। ਇਸ ਸਬੰਧੀ ਬਹੁਤ ਵਾਰ ਖਬਰਾਂ ਵੀ ਲੱਗੀਆਂ ਪਰ ਪਰਨਾਲਾ ਜਿਵੇਂ ਦਾ ਤਿਵੇਂ ਹੀ ਪਿਆ ਹੈ। ਸਥਾਨਕ ਫੌਕਲ ਪੁਆਇੰਟ ਵਿੱਚ ਕਈ ਅਜਿਹੀਆਂ ਸਨਅਤਾਂ ਲੱਗੀਆਂ ਹਨ, ਜਿੱਥੋਂ ਤੇਜ਼ਾਬੀ ਪਾਣੀ ਸੀਵਰੇਜ ਰਾਹੀਂ ਬਾਹਰ ਨਿਕਲਦਾ ਹੈ। ਕਈ ਵਾਰ ਇਹ ਸੀਵਰੇਜ ਓਵਰ ਫਲੋਅ ਹੋਣ ਕਰਕੇ ਪਾਣੀ ਸੜਕਾਂ ’ਤੇ ਆ ਜਾਂਦਾ ਹੈ। ਇਹ ਪਾਣੀ ਇੰਨਾ ਤੇਜ਼ਾਬੀ ਹੈ ਕਿ ਸੜਕ ’ਤੇ ਖੜ੍ਹਾ ਹੋਣ ਕਰਕੇ ਇਸ ਦੇ ਨਿਸ਼ਾਨ ਨਾਲ ਲੱਗਦੀਆਂ ਦੀਵਾਰਾਂ ਅਤੇ ਫੁੱਟਪਾਥਾਂ ’ਤੇ ਵੀ ਆਮ ਦੇਖੇ ਜਾ ਸਕਦੇ ਹਨ। ਸ਼ਹਿਰ ਦੇ ਪੌਰਸ਼ ਇਲਾਕਿਆਂ ਵਿੱਚ ਗਿਣੇ ਜਾਂਦੇ ਸੈਕਟਰ-32 ਦੇ ਲੋਕ ਵੀ ਇਸ ਤੇਜ਼ਾਬੀ ਪਾਣੀ ਤੋਂ ਤੰਗ ਆ ਚੁੱਕੇ ਹਨ। ਇੱਥੋਂ ਦੇ ਰਹਿਣ ਵਾਲੇ ਇਲਾਕਾ ਵਾਸੀਆਂ ਜਤਿੰਦਰ ਕੁਮਾਰ ਤੇ ਰਵਿੰਦਰ ਕੁਮਾਰ ਨੇ ਦੱਸਿਆ ਕਿ ਗੰਦੇ ਪਾਣੀ ਵਿੱਚੋਂ ਲੰਘਣ ਕਰਕੇ ਕਈ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਇਹ ਤੇਜ਼ਾਬੀ ਪਾਣੀ ਆਮ ਲੋਕਾਂ ਦੇ ਨਾਲ ਨਾਲ ਸੜਕਾਂ ਦੇ ਆਲੇ ਦੁਆਲੇ ਲੱਗੇ ਬੂਟਿਆਂ ਲਈ ਵੀ ਘਾਤਕ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਪਾਣੀ ਦੇ ਢੁੱਕਵੇਂ ਨਿਕਾਸ ਲਈ ਜਲਦੀ ਪ੍ਰਬੰਧ ਕੀਤਾ ਜਾਵੇ।
ਐੱਮਸੀ ਦੇ ਚੀਫ਼ ਇੰਜਨੀਅਰ ਦਾ ਪੱਖ
ਨਗਰ ਨਿਗਮ ਦੇ ਚੀਫ ਇੰਜਨੀਅਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਨਿਗਮ ਨੂੰ ਐੱਨਐੱਚਆਈ ਤੋਂ ਫੰਡ ਮਿਲਣ ਜਾ ਰਿਹਾ ਹੈ। ਸੀਵਰੇਜ ਦੇ ਇਸ ਕੰਮ ’ਤੇ ਪੰਜ ਕਰੋੜ ਰੁਪਏ ਦਾ ਖਰਚ ਆਵੇਗਾ। ਉਨ੍ਹਾਂ ਦੱਸਿਆ ਕਿ ਡਾਇੰਗਾਂ ਦੇ ਪਾਣੀ ਲਈ ਸੀਵਰੇਜ ਪੈ ਚੁੱਕਾ ਹੈ, ਜਿਸ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ ਜਦਕਿ ਸਨਅਤੀ ਅਦਾਰਿਆਂ ਦੇ ਤੇਜ਼ਾਬੀ ਪਾਣੀ ਦੀ ਨਿਕਾਸੀ ਲਈ ਵੱਖਰਾ ਸੀਵਰੇਜ ਬਣਾਇਆ ਜਾਵੇਗਾ। ਇਨ੍ਹਾਂ ਸੀਵਰੇਜ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਤੇਜ਼ਾਬੀ ਪਾਣੀ ਤੋਂ ਛੁਟਕਾਰਾ ਮਿਲੇਗਾ।