ਗਗਨਦੀਪ ਅਰੋੜਾ
ਲੁਧਿਆਣਾ, 9 ਦਸੰਬਰ
ਸਨਅਤੀ ਸ਼ਹਿਰ ਦੇ ਲੋਕ ਹੁਣ ਹੜਤਾਲ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਹੜਤਾਲ ਦੇ ਹਾਲਾਤ ਇਹ ਹਨ ਕਿ ਸ਼ਹਿਰ ਦੇ ਜਿਸ ਦਫ਼ਤਰ ਵਿੱਚ ਚਲੇ ਜਾਓ, ਉਥੇ ਜਾ ਕੇ ਮੁਲਾਜ਼ਮਾਂ ਤੋਂ ਪਤਾ ਲਗਦਾ ਹੈ ਕਿ ਉਹ ਮੰਗਾਂ ਸਬੰਧੀ ਹੜਤਾਲ ’ਤੇ ਹਨ। ਲੁਧਿਆਣਾ ਦੇ ਰਜਿਸਟਰੀ ਦਫ਼ਤਰ, ਸਿਵਲ ਹਸਪਤਾਲ ਦੇ ਕੁਝ ਮੁਲਾਜ਼ਮ, ਡੀਸੀ ਦਫ਼ਤਰ ਤੇ ਬੱਸ ਸਟੈਂਡ ’ਤੇ ਮੁਲਾਜ਼ਮ ਹੜਤਾਲ ’ਤੇ ਹਨ ਜਿਸ ਕਾਰਨ ਇੱਥੇ ਲੋਕ ਪਰੇਸ਼ਾਨ ਹੋ ਰਹੇ ਹਨ।
ਲੁਧਿਆਣਾ ਦੇ ਡੀਸੀ ਦਫ਼ਤਰ ਵਿੱਚ ਮੁਲਾਜ਼ਮ ਆਪਣੀ ਮੰਗਾਂ ਦੇ ਹੱਕ ਵਿੱਚ ਕਈ ਦਿਨਾਂ ਤੋਂ ਹੜਤਾਲ ’ਤੇ ਹਨ, ਜਿਸ ਕਰਕੇ ਡੀਸੀ ਦਫ਼ਤਰ ਵਿੱਚ ਲੋਕਾਂ ਦੇ ਕੰਮਕਾਜ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ। ਸਭ ਤੋਂ ਵੱਧ ਪ੍ਰੇਸ਼ਾਨੀ ਘਰਾਂ ਤੇ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਨੂੰ ਹੋ ਰਹੀ ਹੈ, ਇੱਥੇ ਦਾ ਸਟਾਫ਼ ਵੀ ਆਪਣੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦੇ ਸਟਾਫ਼ ਮੈਂਬਰਾਂ ਦੇ ਨਾਲ ਹੜਤਾਲ ’ਤੇ ਚੱਲ ਰਿਹਾ ਹੈ। ਸਬ-ਰਜਿਸਟਰਾਰ ਦਫ਼ਤਰ ’ਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੀ ਹੜਤਾਲ ਕਾਰਨ ਰਜਿਸਟਰੀਆਂ ਨਾ ਹੋਣ ਕਾਰਨ ਲੋਕ ਪਲਾਟ ਤੇ ਮਕਾਨਾਂ ’ਤੇ ਕਬਜ਼ਾ ਨਹੀਂ ਲੈ ਪਾ ਰਹੇ। ਸਭ ਤੋਂ ਜ਼ਿਆਦਾ ਦਿੱਕਤ ਹੋਮ ਲੋਨ ਲੈਣ ਵਾਲੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ। ਦੱਸਣਯੋਗ ਹੈ ਕਿ ਲੁਧਿਆਣਾ ’ਚ ਰੋਜ਼ਾਨਾ 600 ਤੋਂ ਜ਼ਿਆਦਾ ਰਜਿਸਟਰੀਆਂ ਹੁੰਦੀਆਂ ਹਨ। 23 ਨਵੰਬਰ ਤੋਂ ਹੜਤਾਲ ਦੇ ਕਾਰਨ ਰਜਿਸਟਰੀਆਂ ਨਹੀਂ ਹੋ ਰਹੀਆਂ ਹਨ। ਇਸ ਤਰ੍ਹਾਂ ਜ਼ਿਲ੍ਹੇ ’ਚ 6 ਹਜ਼ਾਰ ਤੋਂ ਜ਼ਿਆਦਾ ਰਜਿਸਟਰੀਆਂ ਪੈਂਡਿੰਗ ਚੱਲ ਰਹੀਆਂ ਹਨ। ਅਜਿਹੇ ’ਚ ਜੇਕਰ ਹੜਤਾਲ ਖੁੱਲ੍ਹਦੀ ਵੀ ਹੈ ਤਾਂ ਪੈਂਡੇਂਸੀ ਕਲੀਅਰ ਹੋਣ ’ਚ ਇੱਕ ਮਹੀਨੇ ਤੋਂ ਵੱਧ ਸਮਾਂ ਲੱਗੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਰਜਿਸਟਰੀ ਲਈ ਆਨਲਾਈਨ ਬੁਕਿੰਗ ਲੈਣ ’ਚ ਮਿਹਨਤ ਕਰਨੀ ਪਵੇਗੀ। ਰਜਿਸਟਰੀ ਤੋਂ ਇਲਾਵਾ ਵੀ ਹੋਰ ਦਫ਼ਤਰ ’ਚ ਚਾਰ ਹਜ਼ਾਰ ਤੋਂ ਜ਼ਿਆਦਾ ਜਨਮ ਸਰਟੀਫਿਕੇਟ ਪੈਂਡਿੰਗ ਚੱਲ ਰਹੇ ਹਨ।
ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸਾਂ ਬੰਦ
ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਹੁਣ ਸਰਕਾਰੀ ਬੱਸਾਂ ਬੰਦ ਪਈਆਂ ਹਨ। ਇਸ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਤੀਜ਼ੇ ਦਿਨ ਵੀ ਲੁਧਿਆਣਾ ਦੇ ਬੱਸ ਸਟੈਂਡ ਤੋਂ ਕੋਈ ਸਰਕਾਰੀ ਬੱਸ ਨਹੀਂ ਚੱਲੀ, ਜਿਸ ਕਾਰਨ ਬੱਸ ਪਾਸ, ਫਰੀ ਬੱਸ ਸਫ਼ਰ ਕਰਨ ਵਾਲੇ ਤੇ ਵਿਦਿਆਰਥੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ।
ਐੱਨਐਚਐੱਮ ਵਰਕਰਾਂ ਦੀ ਹੜਤਾਲ ਕਾਰਨ ਮਰੀਜ਼ ਪ੍ਰੇਸ਼ਾਨ
ਇਸੇ ਤਰ੍ਹਾਂ ਐੱਨਐੱਚਐਮ ਵਰਕਰਾਂ ਦੀ ਹੜਤਾਲ ਕਾਰਨ ਐੱਚਆਈਵੀ ਤੇ ਟੀਬੀ ਦੇ ਮਰੀਜ਼ਾਂ ਨੂੰ ਵੀ ਖਾਸੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਵਰਕਰ ਹੜਤਾਲ ’ਤੇ ਹੋਣ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਦਵਾਈ ਨਹੀਂ ਮਿਲ ਰਹੀ, ਇਨ੍ਹਾਂ ਹੀ ਨਹੀਂ ਹੜਤਾਲ ਕਾਰਨ ਹਸਪਤਾਲ ਵਿੱਚ ਉਨ੍ਹਾਂ ਦੀ ਪੁੱਛ ਪੜਤਾਲ ਕਰਨ ਵਾਲਾ ਕੋਈ ਨਹੀਂ ਹੈ।
ਤਹਿਸੀਲ ਦਫ਼ਤਰਾਂ ’ਚ ਸਭ ਤੋਂ ਵੱਧ ਕੰਮ ਰੁਕੇ
ਤਹਿਸੀਲ ਦਫ਼ਤਰਾਂ ਤੋਂ ਰੈਸੀਡੈਂਸ ਸਰਟੀਫਿਕੇਟ, ਜਾਤੀ ਪ੍ਰਮਾਣ ਪੱਤਰ ਤੇ ਹੋਰ ਤਰ੍ਹਾਂ ਦੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸਬ-ਰਜਿਸਟਰਰਾਰ ਦਫ਼ਤਰ ’ਚ ਤਹਿਸੀਲਦਾਰਾਂ ਦੇ ਅਧੀਨ ਆਉਂਦੇ ਹਨ। ਇਨ੍ਹਾਂ ਸਾਰੀਆਂ ਥਾਵਾਂ ’ਤੇ ਹੜਤਾਲ ਦੇ ਕਾਰਨ ਹਰ ਤਰ੍ਹਾਂ ਦੇ ਦਸਤਾਵੇਜ਼ ਰੁਕੇ ਹੋਏ ਹਨ। ਜਿਸ ਕਾਰਨ ਪੈਡੰਸੀ ਜ਼ਿਆਦਾ ਹੋ ਗਈ।
ਜਨਮ ਸਰਟੀਫਿਕੇਟ ਲਈ ਸਿਵਲ ਸਰਜਨ ਦਫ਼ਤਰ ਦੇ ਚੱਕਰ ਲਾ ਰਹੇ ਨੇ ਲੋਕ
ਲੁਧਿਆਣਾ ਨਗਰ ਨਿਗਮ ਨੂੰ ਛੱਡ ਬਾਕੀ ਜ਼ਿਲ੍ਹੇ ਦੇ ਜਨਮ ਸਰਟੀਫਿਕੇਟ ਸਿਵਲ ਸਰਜਨ ਦਫ਼ਤਰ ’ਚੋਂ ਜਾਰੀ ਕੀਤੇ ਜਾਂਦੇ ਹਨ। ਸਿਵਲ ਸਰਜਨ ’ਚ ਪੈਡਿੰਗ ਅਰਜ਼ੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋ ਗਈ। ਇਸ ਕਾਰਨ ਲੋਕਾਂ ਨੇ ਜਨਮ ਸਰਟੀਫਿਕੇਟ ਲੈਣ ਦੇ ਲਈ ਸਿਵਲ ਸਰਜਨ ਦਫ਼ਤਰ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਹਨ।