ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੂਨ
ਸਮਾਰਟ ਸਿਟੀ ਲੁਧਿਆਣਾ ਨੂੰ ਸਮਾਰਟ ਬਣਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਨਵੇਂ ਐਲੀਵੇਟਿਡ ਪੁੱਲ ਤੇ ਚੌੜੀਆਂ ਸੜਕਾਂ ਤਾਂ ਬਣਾ ਦਿੱਤੀਆਂ, ਪਰ ਸ਼ਹਿਰ ਦੇ ਟਰੈਫਿਕ ਸਾਹਮਣੇ ਸਰਕਾਰ ਤੇ ਪ੍ਰਸ਼ਾਸਨ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਸਾਬਤ ਹੋ ਰਹੀਆਂ ਹਨ। ਸਵੇਰੇ ਤੇ ਸ਼ਾਮ ਲੋਕ ਘੰਟਿਆਂ ਜਾਮ ਵਿੱਚ ਫਸ ਕੇ ਆਪਣੀ ਮੰਜ਼ਿਲ ਤੱਕ ਪੁੱਜਦੇ ਹਨ। ਸ਼ਹਿਰ ’ਚ ਟਰੈਫਿਕ ਕੰਟਰੋਲ ਕਰਨ ਲਈ ਟਰੈਫਿਕ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਵੀ ਘੱਟ ਹੈ ਜਿਸ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ।
ਜੇਕਰ ਗੱਲ ਕੀਤੀ ਜਾਵੇ ਫਿਰੋਜ਼ਪੁਰ ਰੋਡ ਦੀ ਤਾਂ ਉੱਥੇ ਬਣ ਰਹੇ ਨਵੇਂ ਐਲੀਵੇਟਿਡ ਪੁਲ ਕਾਰਨ ਟਰੈਫਿਕ ਦੀ ਸਮੱਸਿਆ ਹੈ। ਐਲੀਵੇਟਿਡ ਪੁਲ ਦੇ ਕੰਮ ਨੂੰ ਲੈ ਕੇ ਸਰਵਿਸ ਲਾਈਨ ਨੂੰ ਵੀ ਸੜਕ ’ਚ ਤਬਦੀਲ ਕੀਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਉਸਨੂੰ ਚੌੜਾ ਵੀ ਕੀਤਾ ਗਿਆ, ਪਰ ਫਿਰ ਵੀ ਟਰੈਫਿਕ ਸਮੱਸਿਆ ਜਿਉਂ ਦੀ ਤਿਉਂ ਹੈ। ਭਾਰਤ ਨਗਰ ਚੌਕ ’ਤੇ ਤਾਂ ਹਾਲਾਤ ਅਜਿਹੇ ਹਨ ਕਿ ਜੇਕਰ ਜਾਮ ’ਚ ਇੱਕ ਵਾਰ ਵਿਅਕਤੀ ਫਸ ਜਾਵੇ ਤਾਂ ਉਹ ਚਾਹੇ ਜਿੰਨੀ ਜਲਦੀ ਹੋਵੇ, ਉੱਥੋਂ ਅੱਧੇ ਘੰਟੇ ਤੋਂ ਪਹਿਲਾਂ ਚੌਕ ਪਾਰ ਨਹੀਂ ਕਰ ਸਕਦਾ। ਭਾਰਤ ਨਗਰ ਚੌਕ ਤੋਂ ਬੱਸ ਅੱਡੇ ਵੱਲ ਜਾਣ ਲਈ ਵੀ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਸ਼ਹਿਰ ’ਚ ਜਿੱਥੇ ਐਲੀਵੇਟਿਡ ਪੁਲ ਬਣ ਵੀ ਚੁੱਕੇ ਹਨ, ਉੱਥੇ ਵੀ ਜਾਮ ਦੀ ਸਥਿਤੀ ਰਹਿੰਦੀ ਹੈ। ਸਮਰਾਲਾ ਚੌਂਕ ਦੀ ਗੱਲ ਕਰੀਏ ਤਾਂ ਉੱਥੇ ਸਵੇਰੇ ਤੇ ਸ਼ਾਮ ਨੂੰ ਕਾਫ਼ੀ ਜਾਮ ਲੱਗਦਾ ਹੈ।
ਇਸ ਤੋਂ ਇਲਾਵਾ ਟਿੱਬਾ ਰੋਡ ਤੇ ਤਾਜਪੁਰ ਰੋਡ ਕੱਟ ਬੰਦ ਹੋਣ ਕਾਰਨ ਵੀ ਸਾਰਾ ਟਰੈਫਿਕ ਸਮਰਾਲਾ ਚੌਕ ਤੇ ਬਸਤੀ ਚੌਕ ਵੱਲ ਤਬਦੀਲ ਕੀਤਾ ਗਿਆ ਹੈ, ਜਿਸ ਕਾਰਨ ਸਮਰਾਲਾ ਚੌਕ ਤੇ ਬਸਤੀ ਚੌਕ ’ਚ ਜਾਮ ਰਹਿੰਦਾ ਹੈ। ਸ਼ਿਵਪੁਰੀ ਚੌਕ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਾਮ ਦਾ ਬੁਰਾ ਹਾਲ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਰੋਡ, ਮਾਤਾ ਰਾਣੀ ਚੌਕ ਦੇ ਨਾਲ ਪੁਰਾਣੇ ਬਣਾਏ ਗਏ ਐਲੀਵੇਟਿਡ ਰੋਡ ਦੇ ਥੱਲੇ ਕਾਫ਼ੀ ਜਾਮ ਲੱਗ ਜਾਂਦਾ ਹੈ।
ਇਸ ਦੌਰਾਨ ਏਸੀਪੀ ਟਰੈਫਿਕ ਕਰਨੈਲ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਕੰਮ ’ਤੇ ਜਾਣ ਤੇ ਕੰਮ ਤੋਂ ਵਾਪਸ ਆਉਣ ਦਾ ਸਮਾਂ ਕਰੀਬ ਇੱਕੋ ਜਿਹਾ ਹੁੰਦਾ ਹੈ, ਜਿਸ ਕਾਰਨ ਸ਼ਹਿਰ ਵਿੱਚ ਕਈ ਥਾਈਂ ਕੁਝ ਸਮੇਂ ਲਈ ਟਰੈਫਿਕ ਜਾਮ ਹੋ ਜਾਂਦਾ ਹੈ। ਬਾਕੀ ਜਿੱਥੇ ਉਸਾਰੀ ਦੇ ਕੰਮ ਚੱਲ ਰਹੇ ਹਨ, ਉੱਥੇ ਦਿੱਕਤਾਂ ਆ ਰਹੀਆਂ ਹਨ, ਪਰ ਉੱਥੇ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।