ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜੁਲਾਈ
ਪਰਿਵਾਰ ਵਾਲਿਆਂ ਦੇ ਵਿਰੁੱਧ ਜਾ ਕੇ ਨੌਜਵਾਨ ਨਾਲ ਵਿਆਹ ਕਰਨ ਵਾਲੀ ਵਿਆਹੁਤਾ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਘਰ ਜਾ ਕੇ ਅਗਵਾ ਕਰ ਲਿਆ। ਵਿਆਹੁਤਾ ਜਾਗ੍ਰਤੀ ਦੇ ਪਤੀ ਜਲੰਧਰ ਬਾਈਪਾਸ ਕੋਲ ਸਥਿਤ ਮਸਕੀਨ ਨਗਰ ਵਾਸੀ ਰਵੀ ਕੁਮਾਰ ਨੇ ਇਸ ਦੀ ਸ਼ਿਕਾਇਤ ਥਾਣਾ ਸਲੇਮ ਟਾਬਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਰਵੀ ਕੁਮਾਰ ਦੀ ਸ਼ਿਕਾਇਤ ’ਤੇ ਜਾਗ੍ਰਤੀ ਦੇ ਪਿਤਾ ਕੈਥਲ ਦੇ ਪਿੰਡ ਪੁੰਰੀ ਵਾਸੀ ਧਰਮਿੰਦਰ ਜਾਂਗੜਾ, ਮਾਂ ਸਨੇਹਾ ਜਾਂਗੜਾ, ਧਰਮਿੰਦਰ ਜਾਂਗੜਾ ਦੇ ਭਰਾ, ਜਾਗ੍ਰਤੀ ਦੇ ਫੁੱਫੜ ਤੇ ਇੱਕ ਹੋਰ ਦੇ ਖਿਲ਼ਾਫ਼ ਅਗਵਾ ਦਾ ਕੇਸ ਦਰਜ ਕਰ ਲਿਆ ਹੈ। ਰਵੀ ਕੁਮਾਰ ਨੇ ਦੱਸਿਆ ਕਿ ਉਸ ਦੇ ਜਾਗ੍ਰਤੀ ਦੇ ਨਾਲ ਪ੍ਰੇਮ ਸਬੰਧ ਸਨ, ਪਰ ਜਾਗ੍ਰਤੀ ਦੇ ਪਰਿਵਾਰ ਵਾਲੇ ਦੋਹਾਂ ਦੇ ਵਿਆਹ ਲਈ ਰਾਜ਼ੀ ਨਹੀਂ ਸਨ। ਜੂਨ ਮਹੀਨੇ ’ਚ ਦੋਹਾਂ ਨੇ ਵਿਆਹ ਕਰ ਲਿਆ ਤੇ ਪਰਿਵਾਰ ਵਾਲਿਆਂ ਦੇ ਨਾਲ ਲੁਧਿਆਣਾ ਦੇ ਜਲੰਧਰ ਬਾਈਪਾਸ ਕੋਲ ਰਹਿ ਰਹੇ ਸਨ। 11 ਜੁਲਾਈ ਦੀ ਸਵੇਰੇ ਮੁਲਜ਼ਮ ਉਨ੍ਹਾਂ ਦੇ ਘਰ ਆਏ ਅਤੇ ਆਉਂਦੇ ਹੀ ਜਾਗ੍ਰਤੀ ਨੂੰੇ ਗੱਡੀ ’ਚ ਸੁੱਟ ਕੇ ਲੈ ਗਏ। ਜਦੋਂ ਰਵੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ ਤੇ ਰਵੀ ਨੂੰ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਰਵੀ ਤੁਰੰਤ ਇਸ ਦੀ ਸ਼ਿਕਾਇਤ ਪੁਲੀਸ ਨੂੰ ਕਰਨ ਗਿਆ। ਜਾਂਚ ਅਧਿਕਾਰੀ ਸਬ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਾਲੇ ਫ਼ਰਾਰ ਹਨ। ਉਨ੍ਹਾਂ ਦੀ ਭਾਲ ’ਚ ਕਈ ਥਾਂਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।