ਗਗਨਦੀਪ ਅਰੋੜਾ
ਲੁਧਿਆਣਾ, 15 ਨਵੰਬਰ
ਸਥਾਨਕ ਟਿੱਬਾ ਰੋਡ ਦੇ ਮਾਧੋਪੁਰੀ ਇਲਾਕੇ ‘ਚ ਅੱਜ ਸਵੇਰੇ ਹੌਜ਼ਰੀ ਵੇਸਟ ਗੁਦਾਮ ‘ਚ ਅਚਾਨਕ ਅੱਗ ਲੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਨੇ ਨੇੜੇ ਦੀ ਤਿੰਨ ਹੋਰ ਗੁਦਾਮਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਤੇ ਪਿੱਛੇ ਫੈਕਟਰੀ ਨੂੰ ਵੀ ਖਾਸਾ ਨੁਕਸਾਨ ਪਹੁੰਚਾਇਆ। ਅੱਗ ਲੱਗਣ ਕਾਰਨ ਉੱਥੇ ਗੁਦਾਮ ‘ਚ ਖੜ੍ਹੀ ਇੱਕ ਸਵਿਫ਼ਟ ਕਾਰ ਤੇ ਇੱਕ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਏ। ਅੱਗ ਦੀਆਂ ਲਪਟਾਂ ਦੇਖ ਆਸਪਾਸ ਦੇ ਲੋਕ ਘਰਾਂ ‘ਚੋਂ ਬਾਹਰ ਆ ਗਏ। ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਕਾਮਯਾਬ ਨਹੀਂ ਹੋ ਸਕੇ। ਕੁਝ ਹੀ ਸਮੇਂ ‘ਚ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਆਸਪਾਸ ਦਾ ਸਾਰਾ ਇਲਾਕਾ ਕਾਲੇ ਧੂੰਏ ਨਾਲ ਢੱਕਿਆ ਗਿਆ ਜੋ ਕਈ ਕਿਲੋਮੀਟਰ ਤੱਕ ਨਜ਼ਰ ਆਉਂਦਾ ਰਿਹਾ।
ਸੂਚਨਾ ਮਿਲਣ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪੁੱਜ ਗਈਆਂ। ਫਾਇਰ ਬ੍ਰਿਗੇਡ ਨੇ 75 ਦੇ ਕਰੀਬ ਗੱਡੀਆਂ ਦਾ ਪਾਣੀ ਪਾਉਣ ਅਤੇ 9 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ 9 ਘੰਟੇ ਤੱਕ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਸੂਚਨਾ ਮਿਲਣ ਤੋਂ ਬਾਅਦ ਕਈ ਥਾਣਿਆਂ ਦੀ ਪੁਲੀਸ ਤੇ ਉਚ ਅਧਿਕਾਰੀ ਉਥੇਂ ਪੁੱਜ ਗਏ। ਪੁਲੀਸ ਨੇ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਨਾਲ ਕਾਬੂ ਕੀਤਾ ਅਤੇ ਮਾਇਆਪੁਰੀ ਗਲੀ ਨੰਬਰ 2 ਦੇ ਪਾਸੇ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਤਾਂ ਕਿ ਭੀੜ ਇਕੱਠੀ ਨਾ ਹੋਵੇ ਅਤੇ ਲੋਕਾਂ ਨੂੰ ਨੁਕਸਾਨ ਨਾ ਪੁੱਜੇ।
ਮਾਇਆਪੁਰੀ ਇਲਾਕੇ ‘ਚ ਲਗਪਗ ਹੌਜ਼ਰੀ ਵੇਸਟ ਦਾ ਕਾਰੋਬਾਰ ਹੀ ਹੁੰਦਾ ਹੈ। ਗਲੀ ਨੰਬਰ 2 ‘ਚ ਮੁਹੰਮਦ ਸਾਦਾ ਦਾ ਗੁਦਾਮ ਬਣਿਆ ਹੋਇਆ ਹੈ। ਜਿੱਥੇ ਪੂਰੇ ਗੁਦਾਮ ‘ਚ ਹੌਜ਼ਰੀ ਵੇਸਟ ਪਿਆ ਸੀ। ਮੰਗਲਵਾਰ ਸਵੇਰੇ ਅਚਾਨਕ ਗੁਦਾਮ ‘ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਜ਼ਿਆਦਾ ਫੈਲ ਗਈ। ਸਾਹਮਣੇ ਘਰ ‘ਚ ਰਹਿਣ ਵਾਲੇ ਮੁਹੰਮਦ ਸਾਦਾ ਤੇ ਉਸਦੇ ਪਰਿਵਾਰ ਵਾਲਿਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ, ਜਿਸ ਕਾਰਨ ਆਸਪਾਸ ਦੇ ਲੋਕ ਵੀ ਉਨ੍ਹਾਂ ਨਾਲ ਲੱਗ ਗਏ, ਪਰ ਉਦੋਂ ਤੱਕ ਅੱਗ ਕਾਫ਼ੀ ਫੈਲ ਚੁੱਕੀ ਸੀ। ਅੱਗ ਲੱਗਣ ਦੀ ਖਬਰ ਮਿਲਦੇ ਹੀ ਇਲਾਕੇ ਦੇ ਲੋਕ ਵੱਡੀ ਗਿਣਤੀ ‘ਚ ਉਥੇਂ ਪੁੱਜ ਗਏ। ਇਸੇ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ‘ਤੇ ਪੁੱਜ ਗਈ। ਅੱਗ ਇਸ ਕਦਰ ਫੈਲ ਚੁੱਕੀ ਸੀ ਕਿ ਉਸ ਦੇ ਨਾਲ ਲੱਗਦੇ ਮੁਹੰਮਦ ਸਦਾਮ ਦੇ 2 ਗੁਦਾਮਾਂ ਨੂੰ ਵੀ ਅੱਗ ਨੇ ਆਪਣੀ ਲਪੇਟ ‘ਚ ਲੈ ਲਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨਾਲ ਵਾਲੇ ਖਾਲੀ ਪਲਾਟ ‘ਚੋਂ, ਅੱਗੇ ਮੇਨ ਗੇਟ ਦੇ ਉਪਰੋਂ, ਪਿੱਛੇ ਵਾਲੀ ਫੈਕਟਰੀ ਦੇ ਉਪਰੋਂ ਚੜ੍ਹ ਕੇ ਗੁਦਾਮ ‘ਚ ਲੱਗੀ ਅੱਗ ਨੂੰ ਕਾਬੂ ਪਾਉਣ ‘ਚ ਲੱਗੀਆਂ ਰਹੀਆਂ ਪਰ ਅੱਗ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ ਸੀ। ਹੌਲੀ ਹੌਲੀ ਅੱਗ ਦੇ ਕਾਰਨ ਗੁਦਾਮ ਅੰਦਰ ਖੜ੍ਹੀ ਸਵਿਫ਼ਟ ਕਾਰ ਤੇ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਆ ਜਾ ਰਹੀਆਂ ਸਨ ਅਤੇ 75 ਦੇ ਕਰੀਬ ਗੱਡੀਆਂ ਦਾ ਪਾਣੀ ਪਾ ਕੇ 9 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਭੀੜ ਇਕੱਠੀ ਹੋਣ ਕਾਰਨ ਗੱਡੀਆਂ ਨਿਕਲਣ ‘ਚ ਆਈ ਮੁਸ਼ਕਲ
ਅੱਗ ਲੱਗਣ ਦੀ ਖਬਰ ਮਿਲਦੇ ਹੀ ਇਲਾਕੇ ਦੇ ਲੋਕ ਉੱਥੇ ਪੁੱਜੇ ਹੀ ਸਨ ਕਿ ਨਾਲ ਦੀ ਨਾਲ ਦੂਸਰੇ ਮੁਹੱਲਿਆਂ ਦੇ ਲੋਕ ਵੀ ਪੁੱਜ ਗਏ। ਜਿਨ੍ਹਾਂ ਨੇ ਥਾਂ-ਥਾਂ ਆਪਣੇ ਮੋਟਰਸਾਈਕਲ ਲਾ ਦਿੱਤੇ ਤੇ ਅੱਗ ਦੀ ਘਟਨਾ ਦੇਖਣ ‘ਚ ਲੱਗ ਗਏ ਜਿਸ ਦੌਰਾਨ ਫਾਇਰ ਬ੍ਰਿਗੇਡ ਗੱਡੀਆਂ ਨੂੰ ਵੀ ਲੰਘਣ ਵਿੱਚ ਕਾਫੀ ਮੁਸ਼ਕਲ ਪੇਸ਼ ਆਈ। ਹੈਰਾਨੀ ਇਸ ਗੱਲ ਦੀ ਰਹੀ ਕਿ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਆਉਂਦੀਆਂ ਰਹੀਆਂ ਤੇ ਜਾਂਦੀਆਂ ਰਹੀਆਂ ਅਤੇ ਹੂਟਰਾਂ ਦੀ ਆਵਾਜ਼ ਨਾਲ ਇਲਾਕਾ ਦਹਿਸ਼ਤ ‘ਚ ਰਿਹਾ। ਭੀੜ ਜਦੋਂ ਅੱਗ ਬੁਝਾਊ ਅਮਲੇ ਤੋਂ ਵੀ ਘੱਟ ਨਹੀਂ ਹੋਈ ਤਾਂ ਉਥੇਂ ਕਈ ਥਾਣਿਆਂ ਦੀ ਪੁਲੀਸ ਨੂੰ ਬੁਲਾਉਣਾ ਪਿਆ।