ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ ਜਨਵਰੀ
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਕੋਲੋਂ ਮੋਬਾਈਲ ਫੋਨ, ਨਕਦੀ ਅਤੇ ਪਰਸ ਲੁੱਟੇ ਗਏ।
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਸਹੋਤਾ ਨਗਰ ਤਾਜਪੁਰ ਰੋਡ ਵਾਸੀ ਗੌਰਵ ਸ਼ਰਮਾ ਨੇ ਦੱਸਿਆ ਕਿ ਉਹ ਕਾਸਾਬਾਦ ਜਾ ਰਿਹਾ ਸੀ। ਪਿੰਡ ਕਾਸਾਬਾਦ ਵੱਲ ਮੁੜਦੇ ਹੀ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਲਿਆ ਤੇ ਦਾਤਰ ਦਿਖਾ ਕੇ ਉਸ ਦੀ ਜੇਬ ਵਿੱਚੋਂ 5300 ਰੁਪਏ ਅਤੇ ਮੋਬਾਈਲ ਫੋਨ ਖੋਹ ਲਿਆ। ਇਸੇ ਤਰ੍ਹਾਂ ਬਸਤੀ ਜੋਧੇਵਾਲ ਦੀ ਪੁਲੀਸ ਨੂੰ ਗੋਲਡਨ ਵਿਹਾਰ ਫਾਂਬੜਾ ਰੋਡ ਵਾਸੀ ਰਾਹੁਲ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ ’ਤੇ ਕਾਕੋਵਾਲ ਵੱਲ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਪਿੰਡ ਨੇੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਕਿਰਪਾਨ ਦਿਖਾ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਥਾਣਾ ਹੈਬੋਵਾਲ ਦੀ ਪੁਲੀਸ ਨੂੰ ਕੁੰਜ ਵਿਹਾਰ ਜੱਸੀਆਂ ਰੋਡ ਵਾਸੀ ਮੁੰਨਾ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਕੰਮ ’ਤੇ ਜਾ ਰਿਹਾ ਸੀ ਤਾਂ ਕੁੰਜ ਵਿਹਾਰ ਨੇੜੇ ਦੋ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਇਸੇ ਤਰ੍ਹਾਂ ਲਕਸ਼ਮੀ ਨਗਰ ਹੈਬੋਵਾਲ ਵਾਸੀ ਧਨ ਲਾਲ ਨੇ ਦੱਸਿਆ ਕਿ ਉਹ ਸਵੇਰੇ ਜਵਾਲਾ ਸਿੰਘ ਚੌਕ ਤੋਂ ਮੱਛੀ ਮਾਰਕੀਟ ਲਕਸ਼ਮੀ ਨਗਰ ਵੱਲ ਪੈਦਲ ਜਾ ਰਿਹਾ ਸੀ ਤਾਂ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਮੋਬਾਈਲ ਫੋਨ ਖੋਹ ਲਿਆ।
ਇਸੇ ਤਰ੍ਹਾਂ ਸੈਕਟਰ 39 ਚੰਡੀਗੜ੍ਹ ਰੋਡ ਵਾਸੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਕੁਰਸੀ ’ਤੇ ਬੈਠੀ ਸੀ। ਇਕ ਸਕੂਟਰ ਸਵਾਰ ਨੌਜਵਾਨ ਆਇਆ ਤੇ ਕੋਲ ਰੱਖਿਆ ਉਦਾ ਪਰਸ ਚੁੱਕ ਕੇ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।