ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਅਗਸਤ
ਫੈਕਟਰੀ ਮਾਲਕ ਤੋਂ ਪੈਸੇ ਲੈ ਕੇ ਘਰ ਜਾ ਰਹੇ ਸ਼ਟਰਿੰਗ ਠੇਕੇਦਾਰ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਢਾਈ ਲੱਖ ਰੁਪਏ ਲੁੱਟ ਲਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮੇਹਰਬਾਨ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਸ਼ਟਰਿੰਗ ਠੇਕੇਦਾਰ ਮੁਹੰਮਦ ਸ਼ਬੀਰ ਤੋਂ ਸ਼ਿਕਾਇਤ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਮੀਆ ਰੋਡ ਦੇ ਪ੍ਰੀਤਮ ਵਿਹਾਰ ਵਾਸੀ ਮੁਹੰਮਦ ਸ਼ਬੀਰ ਨੇ ਦੱਸਿਆ ਕਿ ਪਿੰਡ ਬਾਜੜਾ ’ਚ ਜਾ ਰਿਹਾ ਸੀ ਜਿੱਥੇ ਉਸਨੇ ਕਿਸੇ ਨੂੰ 20 ਹਜ਼ਾਰ ਰੁਪਏ ਦੇਣੇ ਸਨ ਪਰ ਗਲੀਆਂ ’ਚੋਂ ਜਾਂਦੇ ਹੋਏ ਉਹ ਰਸਤਾ ਭਟਕ ਗਿਆ ਤੇ ਰਾਹੋਂ ਰੋਡ ਸਥਿਤ ਪਿੰਡ ਖੁਆਜਕੇ ਦੇ ਕੋਲ ਪੁੱਜ ਗਿਆ ਜਿਥੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਪੈਟਰੋਲ ਪੰਪ ਕੋਲ ਉਸਨੂੰ ਰੋਕ ਲਿਆ ਤੇ ਹਥਿਆਰ ਦਿਖਾ ਕੇ ਉਸਦੇ ਕੋਲ ਰੱਖੀ ਨਕਦੀ ਲੁੱਟ ਲਈ। ਥਾਣਾ ਮੇਹਰਬਾਨ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਸਿਮਰਨਜੀਤ ਕੌਰ ਨੇ ਕਿਹਾ ਕਿ ਸ਼ਿਕਾਇਤਕਰਤਾ ਦੀ ਸਟੇਟਮੈਂਟ ਤੋਂ ਲੱਗ ਰਿਹਾ ਹੈ ਕਿ ਉਹ ਕਹਾਣੀ ਬਣਾ ਰਿਹਾ ਹੈ ਜਿਸ ਕਾਰਨ ਮਾਮਲਾ ਸ਼ੱਕੀ ਲੱਗ ਰਿਹਾ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਵਪਾਰ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਦਰੇਸੀ ਦੇ ਇਲਾਕੇ ਮਾਧੋਪੁਰੀ ਵਾਸੀ ਕਰਨ ਬਵੇਜਾ ’ਤੇ ਇਕ ਵਿਅਕਤੀ ਨੂੰ ਵਪਾਰ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਸਬੰਧੀ ਨਿਊ ਜੈਨਰੇਸ਼ਨ ਅਪਾਰਟਮੈਂਟ ਜ਼ੀਰਕਪੁਰ ਵਾਸੀ ਜਤਿਨ ਗੋਇਲ ਨੇ ਦੱਸਿਆ ਹੈ ਕਿ ਮੁਲਜ਼ਮ ਕਰਨ ਬਵੇਜਾ ਦਾ ਐਕਸਿਸ ਬੈਂਕ ਸੁੰਦਰ ਨਗਰ ਸ਼ਾਖਾ ਵਿੱਚ ਖਾਤਾ ਹੈ ਜਿੱਥੇ ਉਸ ਦੀ ਪਤਨੀ ਨੇਹਾ ਨੌਕਰੀ ਕਰਦੀ ਹੈ। ਕਰਨ ਬਵੇਜਾ ਨੇ ਉਸ ਨੂੰ ਸਬਜ਼ਬਾਗ ਦਿਖਾ ਕੇ ਗੱਲਾਂ ਵਿੱਚ ਉਲਝਾ ਲਿਆ ਅਤੇ ਆਪਣੀ ਫਰਮ ਵਿੱਚ ਪੈਸੇ ਲਵਾਉਣ ਦਾ ਝਾਂਸਾ ਦਿੱਤਾ ਅਤੇ ਉਸ ਕੋਲੋਂ ਅਤੇ ਉਸ ਦੇ ਰਿਸ਼ਤੇਦਾਰਾਂ ਕੋਲੋਂ 35 ਲੱਖ ਰੁਪਏ ਦੇ ਕਰੀਬ ਦੀ ਰਕਮ ਹਾਸਲ ਕਰ ਲਈ। ਉਸ ਵੱਲੋਂ ਨਾ ਤਾਂ ਕੋਈ ਉਨ੍ਹਾਂ ਨਾਲ ਕਾਰੋਬਾਰ ਸ਼ੁਰੂ ਕੀਤਾ ਗਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਗਏ। ਸਬ-ਇੰਸਪੈਕਟਰ ਸੁਨੀਤਾ ਰਾਣੀ ਨੇ ਦੱਸਿਆ ਹੈ ਕਿ ਮਾਮਲੇ ’ਚ ਧੋਖਾਧੜੀ ਦਾ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।