ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਦਸੰਬਰ
ਪਰਵਾਸੀ ਮਜ਼ਦੂਰਾਂ ਤੋਂ ਰਾਤ ਦੇ ਸਮੇਂ ਲੁੱਟਖੋਹ ਕਰਨ ਵਾਲੇ ਗਰੋਹ ਦੇ ਇੱਕ ਮੈਂਬਰ ਨੂੰ ਡਿਵੀਜ਼ਨ ਨੰਬਰ-6 ਦੀ ਪੁਲੀਸ ਨੇ ਕਾਬੂ ਕੀਤਾ ਹੈ। ਇਸ ਮਾਮਲੇ ’ਚ ਪੁਲੀਸ ਨੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ ਜਦੋਂਕਿ ਉਸ ਦੇ ਸਾਥੀ ਦੀ ਭਾਲ ਜਾਰੀ ਹੈ। ਪੁਲੀਸ ਨੇ ਮੁਲਜ਼ਮ ਤੋਂ ਚੋਰੀ ਦਾ ਮੋਟਰਸਾਈਕਲ ਤੇ 10 ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਲਜ਼ਮ ਦਾ ਦੋ ਦਿਨਾਂ ਪੁਲੀਸ ਰਿਮਾਂਡ ਲੈ ਕੇ ਪੜਤਾਲਕ ਕੀਤੀ ਜਾ ਰਹੀ ਹੈ। ਕ੍ਰਾਈਮ ਬ੍ਰਾਂਚ ’ਚ ਤਾਇਨਾਤ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦਸਮੇਸ਼ ਨਗਰ ਵਾਸੀ ਨੀਰਜ ਕੁਮਾਰ ਉਰਫ਼ ਨੋਨਾ ਨੂੰ ਕਾਬੂ ਕੀਤਾ। ਉਸ ਕੋਲੋਂ ਪੁਲੀਸ ਨੇ ਇੱਕ ਚੋਰੀ ਦਾ ਮੋਟਰਸਾਈਕਲ ਅਤੇ 10 ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਲਜ਼ਮ ਸਹਿਯੋਗੀ ਰਵੀ ਕੁਮਾਰ ਦੇ ਨਾਲ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ।