ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਅਪਰੈਲ
ਸਨਅਤੀ ਸ਼ਹਿਰ ਦੇ ਸਭ ਤੋਂ ਪੁਰਾਣੇ ਬਾਜ਼ਾਰ ਕੇਸਰਗੰਜ ਮੰਡੀ ਵਿੱਚ ਬੀਤੇ ਦਿਨ ਤੇਲ ਕਾਰੋਬਾਰੀ ਰਾਜ ਕੁਮਾਰ ਅਰੋੜਾ ਦੇ ਨਾਲ ਕੁੱਟਮਾਰ ਤੇ ਗੰਨ ਪੁਆਇੰਟ ’ਤੇ ਲੱਖਾਂ ਰੁਪਏ ਦੀ ਲੁੱਟ ਕਰਨ ਦੇ ਮਾਮਲੇ ’ਚ ਪੁਲੀਸ ਦੇ ਹੱਥ ਹਾਲੇ ਤੱਕ ਕੋਈ ਸਬੂਤ ਨਹੀਂ ਲੱਗਿਆ ਹੈ। 24 ਘੰਟੇ ਬੀਤਣ ਤੋਂ ਬਾਅਦ ਵੀ ਪੁਲੀਸ ਦੇ ਹੱਥ ਹਾਲੇ ਤੱਕ ਇਸ ਮਾਮਲੇ ’ਚ ਖਾਲੀ ਹਨ। ਪੁਲੀਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਹੱਲ ਕਰ ਲਿਆ ਜਾਵੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰਿਆਂ ਨੇ ਮੂੰਹ ’ਤੇ ਕੋਈ ਕੱਪੜਾ ਤੱਕ ਨਹੀਂ ਬੰਨ੍ਹਿਆ ਹੋਇਆ ਸੀ। ਪੁਲੀਸ ਹਾਲੇ ਤੱਕ ਸਿਰਫ਼ ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲੀਸ ਨੇ ਇਲਾਕੇ ’ਚ ਲੱਗੇ ਕਈ ਸੀਸੀਟੀਵੀਜ਼ ਦੀ ਫੁਟੇਜ ਕਬਜ਼ੇ ’ਚ ਲਈ ਹੈ। ਇਸ ਦੇ ਨਾਲ-ਨਾਲ ਪੁਲੀਸ ਦੀਆਂ ਟੀਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਤੇ ਬਾਹਰੀ ਇਲਾਕਿਆਂ ’ਚ ਵੀ ਛਾਪੇ ਮਾਰ ਰਹੀਆਂ ਹਨ। ਏਸੀਪੀ ਕੇਂਦਰੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਦੇਰ ਰਾਤ ਤੱਕ ਪੂਰੀ ਜਾਂਚ ਕੀਤੀ ਹੈ। ਕਾਰੋਬਾਰੀ ਨੇ ਦੱਸਿਆ ਕਿ ਲੁਟੇਰੇ 25 ਤੋਂ 30 ਲੱਖ ਰੁਪਏ ਲੁੱਟ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਲੁੱਟ ਦੇ ਮਾਮਲੇ ਵਿੱਚ ਸਾਰੀ ਜਾਣਕਾਰੀ ਇਕੱਠੀ ਕੀਤੀ ਗਈ ਹੈ ਕਿ ਪੂਰੇ ਦਿਨ ’ਚ ਕੌਣ-ਕੌਣ ਆਇਆ ਸੀ ਤੇ ਕਿਹੜੇ ਲੋਕਾਂ ਨੂੰ ਰਾਜੂ ਅਰੋੜਾ ਮਿਲੇ। ਇਸ ਤੋਂ ਇਲਾਵਾ ਦੋ ਸੀਸੀਟੀਵੀ ਫੁਟੇਜ ਮਿਲੀਆਂ ਹਨ, ਜਿਸ ’ਚੋਂ ਇੱਕ ’ਚ ਤਾਂ ਨੌਜਵਾਨ ਕੁੱਟਮਾਰ ਕਰ ਰਹੇ ਹਨ, ਜਦੋਂਕਿ ਦੂਸਰੇ ’ਚ ਸ਼ੱਕੀ ਨੌਜਵਾਨ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਲਈ 6 ਟੀਮਾਂ ਲੱਗੀਆਂ ਹੋਈਆਂ ਹਨ। ਏਸੀਪੀ ਨੇ ਦੱਸਿਆ ਕਿ ਮਾਲਕਾਂ ਵੱਲੋਂ ਹੁਣ ਤੱਕ ਸਹੀ ਰਕਮ ਬਾਰੇ ਨਹੀਂ ਦੱਸਿਆ ਗਿਆ। ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ ਸੀ, ਸਿਰਫ਼ ਇਹੀ ਕਿਹਾ ਗਿਆ ਕਿ ਪੈਸੇ ਲੱਖਾਂ ’ਚ ਹਨ।
ਨਵੇਂ ਕਮਿਸ਼ਨਰ ਨੇ ਮਾਮਲੇ ਬਾਰੇ ਰਿਪੋਰਟ ਮੰਗੀ
ਪੁਲੀਸ ਕਮਿਸ਼ਨਰ ਦੀ ਤਾਇਨਾਤੀ ਦੇ ਹੁਕਮ ਹੋਣ ਤੋਂ ਬਾਅਦ ਸਨਅਤੀ ਸ਼ਹਿਰ ’ਚ ਵੱਡੀ ਲੁੱਟ ਦੀ ਵਾਰਦਾਤ ਵਾਪਰੀ ਹੈ। ਸ਼ਨਿੱਚਰਵਾਰ ਨੂੰ ਨਵੇਂ ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਨੇ ਅਹੁਦਾ ਸੰਭਾਲਦਿਆਂ ਹੀ ਇਸ ਲੁੱਟ ’ਤੇ ਪੂਰੀ ਰਿਪੋਰਟ ਮੰਗੀ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਕੁਝ ਪੁਆਇੰਟ ਦਿੱਤੇ ਕਿ ਇਨ੍ਹਾਂ ਪਹਿਲੂਆਂ ’ਤੇ ਵੀ ਕੰਮ ਕੀਤਾ ਜਾਵੇ।