ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਅਕਤੂਬਰ
ਲੋਕ ਇਨਸਾਫ਼ ਪਾਰਟੀ ਨੇ ਅੱਜ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਪਾਰਟੀ ਦੇ ਆਗੂ ਸੰਨੀ ਕੈਂਥ ਦੀ ਅਗਵਾਈ ’ਚ ਸ਼ਨਿੱਚਰਵਾਰ ਨੂੰ ਜਲੰਧਰ ਬਾਈਪਾਸ ਸਥਿਤ ਡਾ. ਬੀ.ਆਰ.ਅੰਬੇਦਕਰ ਦੇ ਬੁੱਤ ਨੇੜੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਾਰਟੀ ਮੈਂਬਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨ ਵਿਰੋਧੀ ਐਲਾਨਿਆ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ’ਤੇ ਸੰਵਿਧਾਨ ਨਿਰਮਾਤਾ ਡਾ. ਅੰਬੇਦਕਰ ਦੇ ਨਾਮ ’ਤੇ ਸਿਆਸਤ ਕਰਨ ਦਾ ਦੋਸ਼ ਵੀ ਲਾਇਆ। ਭਾਜਪਾ ਆਗੂਆਂ ਵੱਲੋਂ ਪੋਸਟ ਮੈਟ੍ਰਿਕ ਸਕਾਲਪਰਸ਼ਿਪ ਘੁਟਾਲੇ ਦੇ ਨਾਂ ’ਤੇ ਦਲਿਤ ਇਨਸਾਫ਼ ਯਾਤਰਾ ਕੱਢਣ ’ਤੇ ਡਾ. ਬੀਆਰ ਅੰਬੇਦਕਰ ਦੇ ਬੁੱਤਾਂ ’ਤੇ ਹਾਰ ਚੜਾਉਣ ਦਾ ਲੋਕ ਇਨਸਾਫ਼ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਵਿਰੋਧ ਪ੍ਰਦਰਸ਼ਨ ਦੌਰਾਨ ਸੰਨੀ ਕੈਂਥ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਲਿਤ ਵਿਰੋਧੀ ਕੰਮ ਕਰ ਰਹੀ ਹੈ ਪਰ ਉਹ ਭਾਜਪਾ ਨੂੰ ਅੰਬੇਦਕਰ ਦੇ ਬੁੱਤ ਦੇ ਕੋਲ ਨਹੀਂ ਜਾਣ ਦੇਣਗੇ, ਜੋ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਲੜਾਉਣ ਦਾ ਕੰਮ ਕਰ ਰਹੀ ਹੈ। ਇਸ ਮੌਕੇ ਹਲਕਾ ਉਤਰੀ ਇੰਚਾਰਜ ਰਣਧੀਰ ਸਿੰਘ ਸਿਵਿਆ, ਪੂਰਬੀ ਇੰਚਾਰਜ ਗੁਰਜੋਧ ਸਿੰਘ ਗਿੱਲ ਨੇ ਧਰਨੇ ਵਿਚ ਸ਼ਾਮਲ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਧਰਨੇ ਵਿਚ ਹਰਜੀਤ ਸਿੰਘ ਨਿੱਕਾ, ਹਰਦੀਪ ਸਿੰਘ ਦੀਪਾ, ਅਮਿਤ ਕੁਮਾਰ, ਜਗਪ੍ਰੀਤ ਸਿੰਘ, ਜਸਵੰਤ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਜਸਵੰਤ ਡੇਹਲੋਂ, ਇੰਦਰਜੀਤ ਹੁਸੈਨਪੁਰ, ਦਵਿੰਦਰ ਸਿੰਘ, ਸਾਹਿਬ ਸਿੰਘ ਆਦਿ ਮੌਜੂਦ ਸਨ।