ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਜਨਵਰੀ
ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਅਦਾਰੇ ਐੱਸਜੀਬੀ ਬਾਲ ਘਰ ਧਾਮ ਤਲਵੰਡੀ ਖੁਰਦ ਵਿੱਚ ਧਾਰਮਿਕ ਅਤੇ ਸਮਾਜ ਸੇਵੀ ਸ਼ਖ਼ਸੀਅਤ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ 31 ਲਾਵਾਰਸ ਬਾਲੜੀਆਂ ਦੀ ਲੋਹੜੀ ਸਾਦੇ ਸਮਾਗਮ ਦੌਰਾਨ ਮਨਾਈ ਗਈ। ਪਹਿਲਾਂ ਇਹ ਸਮਾਗਮ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ’ਚ ਸੱਤ ਜਨਵਰੀ ਨੂੰ ਹੋਣਾ ਸੀ ਪਰੰਤੂ ਕੋਵਿਡ-19 ਕੇਸ ਵਧਣ ਕਾਰਨ ਐੱਸਜੀਬੀ ਫਾਊਂਡੇਸ਼ਨ ਨੇ ਇਹ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਸੀ। ਕਰੋਨਾ ਦੇ ਨਵੇਂ ਆ ਰਹੇ ਕੇਸਾਂ ਦੇ ਮੱਦੇਨਜ਼ਰ ਬੀਤੇ ਕੱਲ੍ਹ ਇਹ ਸਮਾਗਮ ਬਾਲ ਘਰ ਦੇ ਵਿਹੜੇ ’ਚ ਹੀ ਪ੍ਰਬੰਧਕਾਂ ਨੇ ਬਾਲੜੀਆਂ ਨਾਲ ਸਾਦੇ ਢੰਗ ਨਾਲ ਮਨਾਇਆ। ਫਾਊਂਡੇਸ਼ਨ ਪ੍ਰਧਾਨ ਜਸਬੀਰ ਕੌਰ ਨੇ ਕਿਹਾ ਕਿ ਬਾਲ ਘਰ ਅੰਦਰ ਉਹ ਬਾਲੜੀਆਂ ਦੀ ਸੰਭਾਲ ਹੋ ਰਹੀ ਹੈ ਜਿਨ੍ਹਾਂ ਨੂੰ ਜਨਮ ਲੈਣ ਉਪਰੰਤ ਮਾਪੇ ਜਾਂ ਵਾਰਿਸ ਲਾਵਾਰਸ ਹਾਲਤ ਛੱਡ ਚੁੱਕੇ ਹਨ। ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਮੌਜੂਦਾ ਸਮੇਂ ਬਹੁਤ ਸਾਰੀਆਂ ਹੋਰ ਸੰਸਥਾਵਾਂ ਐੱਸਜੀਬੀ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਲਾਵਾਰਸ ਤੇ ਬੇਸਹਾਰਾ ਹਾਲਾਤਾਂ ’ਚ ਮਿਲ ਰਹੇ ਨਵਜੰਮੇ ਬੱਚਿਆਂ ਦੇ ਪਾਲਣ ਪੋਸ਼ਣ, ਡਾਕਟਰੀ ਇਲਾਜ, ਗੋਦ ਭੇਜਣ ਤੱਕ ਦੀ ਪ੍ਰਕਿਰਿਆ ਤੋਂ ਪ੍ਰਭਾਵਿਤ ਹੋ ਕੇ ਸਮਾਜ ਸੇਵੀ ਕਾਰਜਾਂ ਲਈ ਅੱਗੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਗਾਇਕ ਰਫੀ ਕਿਲਾ ਰਾਏਪੁਰ ਨੇ ਇਕ ਪਰਿਵਾਰ ਅਤੇ ਸਮਾਜ ਲਈ ਧੀ ਦੀ ਹੋਂਦ ਨੂੰ ਦਰਸਾਉਂਦੇ ਗੀਤ ਅਤੇ ਬੋਲੀਆਂ ਪਾ ਕੇ ਔਰਤ ਜਾਤੀ ਦੀ ਹੋਂਦ ਦਾ ਅਹਿਸਾਸ ਕਰਵਾਇਆ। ਇਸ ਮੌਕੇ ਸਕੱਤਰ ਕੁਲਦੀਪ ਸਿੰਘ ਮਾਨ, ਆੜ੍ਹਤੀ ਸੇਵਾ ਸਿੰਘ ਖੇਲਾ, ਅਡਾਪਸ਼ਨ ਕੋਆਰਡੀਨੇਟਰ ਏਕਮਦੀਪ ਕੌਰ ਗਰੇਵਾਲ, ਮਨਿੰਦਰ ਸਿੰਘ ਮਾਜਰੀ, ਰਵਿੰਦਰ ਕੌਰ, ਮਨਪ੍ਰੀਤ ਕੌਰ, ਰਿੰਕੀ ਨਾਇਕ ਆਦਿ ਹਾਜ਼ਰ ਸਨ।