ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜਨਵਰੀ
ਇੱਥੇ 71ਵੀਂ ਨੈਸ਼ਨਲ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਵਿੱਚੋਂ 29 ਸਾਲ ਬਾਅਦ ਸੋਨੇ ਦਾ ਤਮਗਾ ਜਿੱਤਣ ਵਾਲੀਆਂ ਪੰਜਾਬ ਦੀਆਂ ਜੂਨੀਅਰ ਖਿਡਾਰਨਾਂ ਨਾਲ ਅੱਜ ਗੁਰੂ ਨਾਨਕ ਸਟੇਡੀਅਮ ਵਿੱਚ ਧੀਆਂ ਦੀ ਲੋਹੜੀ ਮਨਾਈ ਗਈ। ਇਨ੍ਹਾਂ ਖਿਡਾਰਨਾਂ ਦਾ ਸਟੇਡੀਅਮ ਪਹੁੰਚਣ ’ਤੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਅਤੇ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਨ੍ਹਾਂ ਖਿਡਾਰਨਾਂ ਨਾਲ ਧੀਆਂ ਦੀ ਲੋਹੜੀ ਮਨਾਉਂਦਿਆਂ ਟਰੈਕ ਸੂਟ ਅਤੇ ਨਕਦ ਇਨਾਮ ਵੰਡੇ ਗਏ। ਇਸ ਮੌਕੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਯੁਰਿੰਦਰ ਸਿੰਘ ਹੇਅਰ, ਖਜ਼ਾਨਚੀ ਵਿਜੇ ਚੋਪੜਾ, ਐੱਸਪੀ-1 ਪਰਮਿੰਦਰ ਸਿੰਘ ਹੀਰ, ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ, ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਮੌਜੂਦ ਸਨ। ਸ੍ਰੀ ਹੇਅਰ ਨੇ ਜੇਤੂ ਟੀਮ ਦੇ ਨਾਲ ਨਾਲ ਕੋਚ ਸਲੋਨੀ, ਰਾਜਿੰਦਰ ਸਿੰਘ, ਦਵਿੰਦਰ ਸਿੰਘ ਢੀਂਡਸਾ, ਰਵਿੰਦਰ ਗਿੱਲ, ਨਰਿੰਦਰ ਕੁਮਾਰ, ਅਮਰਜੋਤ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਵੀ ਵਧਾਈ ਦਿੱਤੀ। ਲੇਖਕ ਗੁਰਭਜਨ ਗਿੱਲ ਨੇ ਕਿਹਾ ਕਿ ਲੜਕੀਆਂ ਦੀ ਇਸ ਜਿੱਤ ਨੂੰ ਪੰਜਾਬ ਦੀਆਂ ਕੁੜੀਆਂ ਦਾ ਹੌਸਲਾ ਹੋਰ ਬੁਲੰਦ ਕੀਤਾ ਹੈ। ਇਸ ਮੌਕੇ ਖਿਡਾਰਨਾਂ ਅਤੇ ਉਨ੍ਹਾਂ ਦੇ ਮਾਪਿਆਂ, ਕੋਚਾਂ ਨੂੰ ਵਿਜੇ ਚੋਪੜਾ, ਬ੍ਰਿਜ ਗੋਇਲ ਨੇ ਮਠਿਆਈਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਦ੍ਰਿਸ਼ਟੀ ਸਕੂਲ ’ਚ ਮਨਾਈ ਲੋਹੜੀ
ਲੁਧਿਆਣਾ (ਖੇਤਰੀ ਪ੍ਰਤੀਨਿਧ): ਦ੍ਰਿਸ਼ਟੀ ਡਾ. ਆਰਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਦੇ ਵਿਦਿਆਰਥੀਆਂ ਨੇ ਅੱਜ ਇੱਕ ਵਿਸ਼ੇਸ਼ ਅਸੈਂਬਲੀ ਕਰਕੇ ਲੋਹੜੀ ਮਨਾਈ। ਇਸ ਮੌਕੇ ਵਿਦਿਆਰਥੀਆਂ ਨੇ ਲੋਹੜੀ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ, ਭੰਗੜਾ ਅਤੇ ਗਿੱਧਾ ਪਾਇਆ। ਸਕੂਲ ਪ੍ਰਿੰਸੀਪਲ ਗੌਰੀ ਛਾਬੜਾ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।