ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 9 ਜੁਲਾਈ
ਪੁਲੀਸ ਜ਼ਿਲ੍ਹਾ ਮਾਲੇਰਕੋਟਲਾ, ਜਗਰਾਉਂ ਦਿਹਾਤੀ ਅਤੇ ਖੰਨਾ ਅਧੀਨ ਪੈਂਦੇ ਇਸ ਇਲਾਕੇ ਵਿੱਚ ਗੁਪਤ ਮਿਸ਼ਨ ਤਹਿਤ ਡੀਐੱਸਪੀ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਵੱਖ-ਵੱਖ ਥਾਈਂ ਛਾਪੇ ਮਾਰੇ ਗਏ। ਹਾਲ ਦੀ ਘੜੀ ਇਸ ਐਕਸ਼ਨ ਨਾਲ ਅਤੇ ਪਹਿਲਾਂ ਸ਼ੁਰੂ ਕੀਤੀਆਂ ਮੁਹਿੰਮਾਂ ਦੇ ਨਤੀਜੇ ਵਜੋਂ ਇਲਾਕੇ ਨੂੰ ਨਸ਼ਾ ਤਸਕਰਾਂ ਤੋਂ ਕੁੱਝ ਨਿਜਾਤ ਮਿਲੀ ਜਾਪਦੀ ਹੈ ਪਰ ਸੂਬਾ ਪੁਲੀਸ ਵੱਲੋਂ ਗੁਪਤ ਰੱਖੇ ਐਕਸ਼ਨ ਦਾ ਵੱਡੇ ਮੱਗਰਮੱਛਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਣ ਕਾਰਨ ਕਿਸੇ ਹੱਦ ਤੱਕ ਛਾਪੇ ਮਾਰਨ ਵਾਲੀਆਂ ਟੀਮਾਂ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਹੈ ਕਿਉਂਕਿ ਜਿਹੜੇ ਲੋਕਾਂ ਦੀ ਖੇਤਰੀ ਪੁਲੀਸ ਨੇ ਪਛਾਣ ਕੀਤੀ ਸੀ ਉਹ ਛਾਪਿਆਂ ਤੋਂ ਪਹਿਲਾਂ ਹੀ ਆਪਣੇ ਘਰਾਂ ਨੂੰ ਜਿੰਦਰੇ ਮਾਰ ਕੇ ਗਾਇਬ ਹੋ ਗਏ। ਪੁਲੀਸ ਨੇ ਬਿਨਾਂ ਕੋਈ ਠੋਸ ਕਾਰਨ ਬੰਦ ਪਏ ਘਰਾਂ ਜਾਂ ਹੋਰ ਇਮਾਰਤਾਂ ਦੇ ਮਾਲਕਾਂ ਦੀਆਂ ਸੂਚੀਆਂ ਬਣਾ ਲਈਆਂ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਇਨ੍ਹਾਂ ਉੱਪਰ ਗੁਪਤ ਤੌਰ ’ਤੇ ਨਜ਼ਰ ਰੱਖੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕਸਾਰ ਹੀ ਸਪੈਸ਼ਲ ਗਠਿਤ ਕੀਤੀਆਂ ਟੀਮਾਂ ਨੂੰ ਐੱਸਐੱਸਪੀ ਮਾਲੇਰਕੋਟਲਾ ਅਲਕਾ ਮੀਨਾ, ਐੱਸਐੱਸਪੀ ਲੁਧਿਆਣਾ ਦਿਹਾਤੀ ਅਤੇ ਐੱਸਐੱਸਪੀ ਖੰਨਾ ਰਵੀ ਕੁਮਾਰ ਨੇ ਆਪਣੇ ਆਪਣੇ ਹੈੱਡਕੁਆਰਟਰਾਂ ਤੋਂ ਕੌਰਡਨ ਐਂਡ ਸਰਚ ਆਪਰੇਸ਼ਨ ਸਬੰਧੀ ਵਿਸ਼ੇਸ਼ ਨੁਕਤੇ ਦੱਸ ਕੇ ਪਹਿਲਾਂ ਤੈਅ ਕੀਤੇ ਇਲਾਕਿਆਂ ’ਚ ਛਾਪਿਆਂ ਲਈ ਭੇਜ ਦਿੱਤਾ ਸੀ। ਸੂਤਰਾਂ ਦਾ ਮੰਨਣਾ ਹੈ ਜੇ ਸੂਬਾ ਪੂਲੀਸ 8 ਜੁਲਾਈ ਨੂੰ ‘ਕੌਨਫੀਡੈਂਸ਼ੀਅਲ ਐਂਡ ਟਾਪ ਸੀਕਰੇਟ’ ਆਰਡਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਰੋਕ ਲਏ ਜਾਂਦੇ ਤਾਂ ਨਤੀਜੇ ਕੁਝ ਹੋਰ ਹੋਣੇ ਸੀ।
ਏਡੀਜੀਪੀ ਦਿਓ ਵੱਲੋਂ 250 ਪੁਲੀਸ ਮੁਲਾਜ਼ਮਾਂ ਨਾਲ ਸ਼ਹਿਰ ਦਾ ਨਿਰੀਖਣ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ’ਚ ਐੱਸਐੱਸਪੀਜ਼ ਤੇ ਪੁਲੀਸ ਕਮਿਸ਼ਨਰਾਂ ਦੇ ਨਾਲ ਬਤੌਰ ਇੰਚਾਰਜ ਨਿਯੁਕਤ ਕੀਤੇ ਗਏ ਉਚ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਸਰਚ ਮੁਹਿੰਮ ਚਲਾਈ। ਸਨਅਤੀ ਸ਼ਹਿਰ ’ਚ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਦੀ ਅਗਵਾਈ ’ਚ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਸਮੇਤ ਸ਼ਹਿਰ ਦੀਆਂ ਸੜਕਾਂ ’ਤੇ ਪੁਲੀਸ ਨਜ਼ਰ ਆਈ। ਸ਼ਹਿਰ ’ਚ ਰੇਲਵੇ ਸਟੇਸ਼ਨ ਦੇ ਨਾਲ ਨਾਲ ਕਈ ਇਲਾਕਿਆਂ ’ਚ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਡਿਵੀਜ਼ਨ ਨੰ. 7 ਦੇ ਕਈ ਇਲਾਕਿਆਂ ’ਚ ਚੈਕਿੰਗ ਕੀਤੀ। ਇਸ ਮੌਕੇ ਜੁਆਇੰਟ ਪੁਲੀਸ ਕਮਿਸ਼ਨਰ ਰੂਰਲ ਰਵਚਰਨ ਸਿੰਘ ਬਰਾੜ, ਏਡੀਸੀਪੀ ਤੁਸ਼ਾਰ ਗੁਪਤਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਸ਼ਹਿਰ ਵਿੱਚ ਅੱਜ ਸਵੇਰੇ ਸੰਯੁਕਤ ਪੁਲੀਸ ਕਮਿਸ਼ਨਰ ਦਿਹਾਤੀ, 4 ਏਡੀਸੀਪੀ, 2 ਏਸੀਪੀ, 5 ਐੱਸਐੱਚਓ, 3 ਚੌਕੀ ਇੰਚਾਰਜਾਂ ਸਣੇ 250 ਪੁਲੀਸ ਮੁਲਾਜ਼ਮਾਂ ਦੀ ਟੀਮ ਬਣੀ, ਜਿਨ੍ਹਾਂ ਨੇ ਸਥਾਨਕ ਪ੍ਰੀਤ ਨਗਰ, ਤਾਜਪੁਰ ਰੋਡ, ਫਰੀਦ ਕਲੋਨੀ ਵਿੱਚ ਸਥਿਤ ਕੇਂਦਰੀ ਜੇਲ੍ਹ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਪਰਾਧਿਕ ਅਨਸਰਾਂ ਅਤੇ ਨਸ਼ਾ ਤਸਕਰਾਂ ਦੀ ਭਾਲ ਲਈ ਬਾਰੀਕੀ ਨਾਲ ਤਲਾਸ਼ੀ ਲਈ। ਸਾਰੇ ਇਲਾਕੇ ਦੀ ਘੇਰਾਬੰਦੀ ਕਰਦਿਆਂ ਸਵੇਰੇ ਚੱਪਾ-ਚੱਪਾ ਖੰਗਾਲਿਆ ਗਿਆ। ਏਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਅਤੇ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਸਰਕਾਰ ਤੇ ਡੀਜੀਪੀ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਹਰ ਜ਼ਿਲ੍ਹੇ ’ਚ ਬਤੌਰ ਇੱਕ ਦਿਨ ਲਈ ਇੰਚਾਰਜ ਨਿਯੁਕਤ ਕੀਤਾ ਗਿਆ। ਪੁਲੀਸ ਕਮਿਸ਼ਨਰ ਲੁਧਿਆਣਾ ਡਾ. ਕੌਸਤਬ ਸ਼ਰਮਾ ਨੇ ਦੱਸਿਆ ਕਿ ਸਰਕਾਰ ਨੇ ਜੋ ਅਧਿਕਾਰੀ ਲਾਏ ਹਨ, ਉਹ ਵੱਖ-ਵੱਖ ਸ਼ਹਿਰਾਂ ’ਚ ਵੱਧ ਰਹੇ ਕ੍ਰਾਈਮ ਨੂੰ ਰੋਕਣ ਲਈ ਸਮੀਖਿਆ ਕਰਨਗੇ, ਜਿੱਥੇ ਕੋਈ ਕਮੀ ਨਜ਼ਰ ਆਵੇਗੀ, ਉਸ ’ਚ ਵੀ ਸੁਧਾਰ ਲਿਆਉਣ ਲਈ ਆਪਣੇ ਸੁਝਾਅ ਦੇਣਗੇ।
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵਿੱਚ ਤਲਾਸ਼ੀ ਮੁਹਿੰਮ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਸੂਬਾ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ ਪੁਲੀਸ ਦੀਆਂ ਹਦਾਇਤਾਂ ’ਤੇ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਦੀਪਕ ਹਿਲੋਰੀ ਵੱਲੋਂ ਜ਼ਿਲ੍ਹੇ ਦੇ ਅਧਿਕਾਰ ਖੇਤਰ ’ਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਰਚ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਸੀਨੀਅਰ ਪੁਲੀਸ ਕਪਤਾਨ ਦੀਪਕ ਹਿਲੋਰੀ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਮੁਖਾਤਬਿ ਹੁੰਦਿਆਂ ਆਖਿਆ ਕਿ ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਖੇਤਰਾਂ ’ਚ ਸਰਚ ਆਪਰੇਸ਼ਨ ਦੀ ਆਰੰਭਤਾ ਪੰਜਾਬ ਲਈ ਇੱਕ ਚੰਗੀ ਸ਼ੁਰੂਆਤ ਹੈ। ਉਨ੍ਹਾਂ ਆਖਿਆ ਕਿ ਨਸ਼ਾ ਤਸਕਰਾਂ ਸਮਾਜ, ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਲਈ ਜ਼ਿਲ੍ਹੇ ’ਚ ਕੋਈ ਥਾਂ ਨਹੀਂ ਹੈ। ਨਸ਼ਾ ਤਸਕਰ ਕਿਸੇ ਵੀ ਕੀਮਤ ’ਤੇ ਬਖਸ਼ੇ ਨਹੀਂ ਜਾਣਗੇ। ਇਸ ਕਾਰਜ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ 3 ਐੱਸ.ਪੀ ਪੱਧਰ ਦੇ ਅਧਿਕਾਰੀ, 6 ਡੀ.ਐੱਸ.ਪੀ, 225 ਪੁਲੀਸ ਮੁਲਾਜ਼ਮਾਂ ਸਮੇਤ ਮਹਿਲਾ ਮੁਲਾਜ਼ਮਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।