ਸਤਵਿੰਦਰ ਬਸਰਾ
ਲੁਧਿਆਣਾ, 26 ਦਸੰਬਰ
ਦਿਲਬਰ ਸਾਹਿਤ ਕਲਾ ਮੰਚ ਲਲਤੋਂ ਕਲਾਂ ਵੱਲੋਂ ਪ੍ਰਸਿੱਧ ਲੇਖਕ ਹਰੀ ਸਿੰਘ ਦਿਲਬਰ ਦੀ ਯਾਦ ਵਿੱਚ 23ਵਾਂ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਗਟ ਸਿੰਘ ਗਰੇਵਾਲ, ਸੁਰਿੰਦਰ ਕੈਲੇ, ਚਮਕੌਰ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਕੀਤੀ। ਸਭਾ ਦੇ ਜਨਰਲ ਸਕੱਤਰ ਤਰਲੋਚਨ ਝਾਂਡੇ, ਮਨਚੈਨ ਸਿੰਘ ਅਤੇ ਉਜਾਗਰ ਸਿੰਘ ਲਲਤੋਂ ਨੇ ਸਾਰਿਆਂ ਦਾ ਸਵਾਗਤ ਕੀਤਾ। ਮੰਚ ਦਾ ਸੰਚਾਲਨ ਕਰਦਿਆਂ ਕਰਮਜੀਤ ਗਰੇਵਾਲ ਨੇ ਹਰੀ ਸਿੰਘ ਦਿਲਬਰ ਨਾਲ ਬਿਤਾਏ ਪਲ ਅਤੇ ਉਨ੍ਹਾਂ ਦੀ ਸਾਹਿਤਕ ਦੇਣ ਨੂੰ ਯਾਦ ਕੀਤਾ। ਸਮਾਗਮ ਦੌਰਾਨ ਉੱਘੇ ਲੇਖਕ ਅਤੇ ਚਿੰਤਕ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ‘ਕਿਸਾਨੀ ਸੰਘਰਸ਼ ਦੀ ਜਿੱਤ ਤੇ ਚਿੰਤਨ’ ’ਤੇ ਭਾਸ਼ਣ ਦਿੰਦਿਆਂ ਸੰਘਰਸ਼ ਦੀਆਂ ਚੁਣੌਤੀਆਂ, ਮੀਡੀਆ ਦੀ ਜ਼ਿੰਮੇਵਾਰੀ, ਤਕਨੀਕ ਦੇ ਫਾਇਦੇ ਤੇ ਨੁਕਸਾਨ, ਕਾਰਪੋਰੇਟ ਜਗਤ ਦੀਆਂ ਮਾੜੀਆਂ ਨੀਤੀਆਂ, ਬੇਰੁਜ਼ਗਾਰੀ, ਮਹਿੰਗਾਈ ਅਤੇ ਨਸ਼ਿਆਂ ਬਾਰੇ ਵਿਸਥਾਰ ਸਾਹਿਤ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਸਾਨੂੰ ਰਾਹ ਦਿਖਾਇਆ ਹੈ, ਹੁਣ ਸਾਨੂੰ ਸੋਚਣਾ ਹੈ ਕਿ ਇਹ ਚੋਣਾਂ ਸਾਨੂੰ ਵਰਤ ਨਾ ਜਾਣ। ਚਮਕੌਰ ਸਿੰਘ ਨੇ ਕਿਹਾ ਕਿ ਸੰਘਰਸ਼ ਮੁਲਾਜ਼ਮਾਂ, ਮਜ਼ਦੂਰਾਂ, ਔਰਤਾਂ ਅਤੇ ਬੱਚਿਆਂ ਦਾ ਸਾਂਝਾ ਸੀ। ਇਸ ਸੰਘਰਸ਼ ਵਿੱਚ ਹਰ ਵਿਧਾ ਦੇ ਕਲਾਕਾਰਾਂ ਨੇ ਵੀ ਬਣਦਾ ਯੋਗਦਾਨ ਪਾਇਆ ਹੈ। ਸਮਾਗਮ ਦੌਰਾਨ ਹਰੀ ਸਿੰਘ ਦਿਲਬਰ ਦੇ ਸ਼ਾਗਿਰਦ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ ਹਰੀ ਸਿੰਘ ਦਿਲਬਰ ਯਾਦਗਾਰੀ ਪੁਰਸਕਾਰ ਦੇ ਕੇ ਨਿਵਾਜਿਆ ਗਿਆ। ਨਗਿੰਦਰ ਸਿੰਘ ਨੇ ਮਾਣ ਪੱਤਰ ਪੜ੍ਹਿਆ। ਗਾਇਕਾ ਲੈਕਚਰਾਰ ਸੁਖਜੀਤ ਕੌਰ ਨੇ ਸਨਮਾਨਿਤ ਸਖਸ਼ੀਅਤ ਦੇ ਜੀਵਨ ’ਤੇ ਚਾਨਣਾ ਪਾਇਆ। ਸਨਮਾਨਿਤ ਸ਼ਖ਼ਸੀਅਤਾਂ ਪ੍ਰਿੰਸੀਪਲ ਸੁਖਦੇਵ ਨੇ ਕਿਹਾ ਕਿ ਹਰੀ ਸਿੰਘ ਦਿਲਬਰ ਨੇ ਉਨ੍ਹਾਂ ਨੂੰ ਉਂਗਲ ਫੜ ਕੇ ਚੱਲਣਾ, ਪੜ੍ਹਨਾ, ਲਿਖਣਾ, ਗਾਉਣਾ, ਨਾਟਕ ਕਰਨਾ ਤੇ ਵਧੀਆ ਅਧਿਆਪਕ ਬਣਨਾ ਸਿਖਾਇਆ। ਸਮਾਗਮ ਦੇ ਤੀਜੇ ਪੜ੍ਹਾਅ ਵਿੱਚ ਕਵੀ ਦਰਬਾਰ ਹੋਇਆ, ਜਿਸ ਵਿੱਚ ਹਰਬੰਸ ਮਾਲਵਾ, ਤ੍ਰੈਲੋਚਨ ਲੋਚੀ, ਗੁਰਪ੍ਰੀਤ ਕੌਰ ਧਾਲੀਵਾਲ, ਭਗਵਾਨ ਢਿੱਲੋਂ, ਦਰਸ਼ਨ ਬੋਪਾਰਾਏ, ਕਰਮਜੀਤ ਸਿੰਘ ਗਰੇਵਾਲ, ਤਰਲੋਚਨ ਝਾਂਡੇ, ਰਾਜਿੰਦਰ ਮੱਲਾ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਨਵਕੰਵਲ ਸਿੰਘ, ਨਵਪ੍ਰੀਤ ਸਿੰਘ ਹੈਰੀ, ਮਲਕੀਤ ਮਾਲੜਾ, ਲੈਕਚਰਾਰ ਸੁਖਜੀਤ ਕੌਰ, ਜੱਗਾ ਲਲਤੋਂ, ਸਰਬ ਲਲਤੋਂ ਨੇ ਵਧੀਆ ਪੇਸ਼ਕਾਰੀਆਂ ਕੀਤੀਆਂ।