ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 30 ਅਪਰੈਲ
ਪ੍ਰੋਗਰਾਮ ਸਾਂਝ ਅਧੀਨ ਕੰਮ ਕਰਦਿਆਂ ਪੁਲੀਸ ਵੱਲੋਂ ਸੀਨੀਅਰ ਸਿਟੀਜ਼ਨਜ਼ ਦੀਆਂ ਸਮੱਸਿਆਵਾਂ ਸੁਣਨ ਲਈ ਵੱਖ-ਵੱਖ ਥਾਈਂ ਮੀਟਿੰਗਾਂ ਕੀਤੀਆਂ ਗਈਆਂ। ਕੁਝ ਪੈਨਸ਼ਨਰਾਂ ਅਤੇ ਬਿਰਧਾਂ ਵੱਲੋਂ ਕੀਤੀ ਗਈ ਮੰਗ ਦੇ ਮੱਦੇਨਜ਼ਰ ਥਾਣਿਆਂ, ਪੈਟਰੋਲਿੰਗ ਅਤੇ ਨਾਕਿਆਂ ’ਤੇ ਤਾਇਨਾਤ ਪੁਲੀਸ ਕਰਮੀਆਂ ਨੂੰ ਹਦਾਇਤ ਕੀਤੀ ਗਈ ਕਿ ਕਿਸੇ ਵੀ ਹਾਲਤ ਵਿੱਚ ਕਿਸੇ ਸੀਨੀਅਰ ਸਿਟੀਜ਼ਨ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਉਸਦਾ ਬਣਦਾ ਸਤਿਕਾਰ ਕੀਤਾ ਜਾਵੇ। ਡੀਐੱਸਪੀ ਅਹਿਮਦਗੜ੍ਹ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਥਾਣਾ ਸਿਟੀ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ, ਥਾਣਾ ਸਦਰ ਮੁਖੀ ਸੰਜੀਵ ਕਪੂਰ ਅਤੇ ਜੋੜੇ ਪੁਲ ਚੌਕੀ ਇਨਚਾਰਜ਼ ਸੁਖਵਿੰਦਰ ਸਿੰਘ ਵੱਲੋਂ ਆਪਣੇ ਆਪਣੇ ਖੇਤਰ ਦੇ ਸੀਨੀਅਰ ਸਿਟੀਜ਼ਨਜ਼ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਵਿੱਤੀ ਫਰਾਡਾਂ ਵਾਰੇ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧ ਵਿੱਚ ਸਥਾਨਕ ਗਾਂਧੀ ਸਕੂਲ ਵਿੱਚ ਆਲ ਬੈਂਕ ਰਿਟਾਇਰੀ ਫੋਰਮ ਦੇ ਪ੍ਰਧਾਨ ਕੇ ਕੇ ਬਾਂਸਲ ਦੀ ਰਹਿਨੁਮਾਈ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਬੀਤੇ ਦਿਨਾਂ ਦੌਰਾਨ ਕਥਿਤ ਤੌਰ ’ਤੇ ਐੱਨਆਰਆਈ ਰਿਸ਼ਤੇਦਾਰਾਂ ਦੇ ਬਹਾਨੇ ਕੀਤੇ ਜਾ ਰਹੇ ਫੋਨਾਂ ਰਾਹੀ ਵਿੱਤੀ ਫਰਾਡ ਕਰਨ ਵਾਲਿਆਂ ਬਾਰੇ ਜਾਗਰੂਕ ਕੀਤਾ ਅਤੇ ਪੈਨਸ਼ਨਰਾਂ ਨੂੰ ਮਸ਼ਵਰਾ ਦਿੱਤਾ ਕਿ ਕਿਸੇ ਵੀ ਹਾਲਤ ਵਿੱਚ ਟੈਲੀਫੋਨ ਜਾਂ ਆਨਲਾਈਨ ਕੀਤੀ ਗਈ ਮੰਗ ਦਾ ਜੁਆਬ ਹੀ ਨਾ ਦਿੱਤਾ ਜਾਵੇ।