ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਜੂਨ
ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਦੇ ਸੂਬਾ ਪੱਧਰੀ ਫ਼ੈਸਲੇ ਅਨੁਸਾਰ ਜਥੇਬੰਦੀ ਵੱਲੋਂ ਸਿਹਤ ਕਾਮਿਆਂ ਦੇ ਕੱਟੇ ਭੱਤਿਆਂ ਨੂੰ ਬਹਾਲ ਕਰਨ ਸਬੰਧੀ ਸਿਵਲ ਸਰਜਨ ਡਾ. ਐੱਸ.ਪੀ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਸਤੰਬਰ 2021 ’ਚ ਸਿਹਤ ਕਾਮਿਆਂ ਦੇ ਭੱਤੇ ਐੱਫ.ਟੀ.ਏ ਵਰਦੀ ਤੇ ਡਾਈਟ ਅਲਾਊਂਸ, ਪੇਂਡੂ ਭੱਤਾ ਤੇ ਐੱਚ.ਆਰ.ਏ ਵਰਗੇ ਭੱਤੇ ਕੱਟ ਦਿੱਤੇ ਗਏ ਸਨ। ਪੰਜਾਬ ਦੀ ‘ਆਪ’ ਸਰਕਾਰ ਨੂੰ ਇਸ ਸਬੰਧੀ ਕਈ ਵਾਰ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਪਰ ਇਸ ਸਬੰਧੀ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਹਤ ਕਾਮਿਆਂ ਦੇ ਕੱਟੇ ਭੱਤੇ ਬਹਾਲ ਕੀਤੇ ਜਾਣ, ਸਿਹਤ ਵਿਭਾਗ ਦੀਆਂ ਲੈਬੋਟਰੀਆਂ ਨੂੰ ਕ੍ਰਿਸ਼ਨ ਡਾਇਗਨੋਸਟਿਕ ਤੋਂ ਵਾਪਸ ਲੈ ਕੇ ਸਿਹਤ ਮਹਿਕਮੇ ਨੂੰ ਦਿੱਤਾ ਜਾਵੇ ਤੇ ਮੁਹੱਲਾ ਕਲੀਨਿਕ ਵਿੱਚ ਜੋ ਸਟਾਫ ਭਰਤੀ ਕਰਨਾ ਹੈ, ਉਸ ਵਿਚ ਰੈਗੂਲਰ ਸਟਾਫ਼ ਦੀ ਭਰਤੀ ਕੀਤੀ ਜਾਵੇ। ਇਸ ਮੌਕੇ ਹਰੀ ਸਿੰਘ, ਕੁਲਬੀਰ ਸਿੰਘ, ਸਨਦੀਪ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ, ਮਹਿੰਦਰ ਸਿੰਘ, ਗੁਰਬਖਸ਼ ਸਿੰਘ, ਸਤਵੰਤ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਸਵਰਨ ਸਿੰਘ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।