ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਅਕਤੂਬਰ
ਇਥੇ ਅੱਜ ਪਾਵਰਕੌਮ ਦੇ ਡਿਵੀਜ਼ਨ ਦਫ਼ਤਰ ਅੱਗੇ ਪੀਐੱਸਈਬੀ ਜੁਆਇੰਟ ਫੋਰਮ ਵੱਲੋਂ ਪਾਵਰਕੌਮ, ਸੂਬਾ ਸਰਕਾਰ, ਕੇਂਦਰ ਸਰਕਾਰ ਦੀਆਂ ਨਿੱਜੀਕਰਨ ਨੀਤੀਆਂ ਤੇ ਮਜ਼ਦੂਰਾਂ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਗੇਟ ਰੈਲੀ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਬਿਜਲੀ ਕਾਮਿਆਂ ਨੇ ਉੱਤਰ ਪ੍ਰਦੇਸ਼ ਦੇ ਲਖੀਰਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜੁਆਇੰਟ ਫੋਰਮ ਵੱਲੋਂ 18 ਅਕਤੂਬਰ ਨੂੰ ਪਾਵਰਕੌਮ ਦੇ ਪਟਿਆਲਾ ਸਥਿਤ ਹੈੱਡਕੁਆਰਟਰ ਦੇ ਤਿੰਨੇ ਗੇਟਾਂ ਦਾ ਘਿਰਾਓ ਕਰਨ ਅਤੇ 27-28 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜੁਆਇੰਟ ਫੋਰਮ ਦੇ ਡਿਵੀਜ਼ਨ ਪ੍ਰਧਾਨ ਚਿਮਨ ਲਾਲ, ਮੀਤ ਪ੍ਰਧਾਨ ਗੁਰਮੀਤ ਸਿੰਘ, ਡਿਵੀਜ਼ਨ ਸਕੱਤਰ ਜਗਮੋਹਨ ਸਿੰਘ, ਮਨਜੀਤ ਸਿੰਘ ਜੇਈ, ਨਾਹਰ ਸਿੰਘ ਅਤੇ ਜੰਗੀਰ ਸਿੰਘ ਕਟਾਰੀਆਂ ਨੇ ਸੰਬੋਧਨ ਕੀਤਾ।
ਖੰਨਾ(ਜੋਗਿੰਦਰ ਸਿੰਘ ਓਬਰਾਏ): ਅੱਜ ਇਥੇ ਬਿਜਲੀ ਬੋਰਡ ਨਾਲ ਸਬੰਧਤ ਵੱਖ ਵੱਖ ਜੱਥੇਬੰਦੀਆਂ ਨੇ ਸਾਂਝੇ ਤੌਰ ਤੇ ਹੱਕੀਂ ਮੰਗਾਂ ਸਬੰਧੀ ਕ੍ਰਿਸ਼ਲ ਲਾਲ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ। ਮੁਲਾਜ਼ਮਾਂ ਨੇ ਲਖੀਮਪੁਰ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਜਗਦੇਵ ਸਿੰਘ, ਜਸਵੀਰ ਸਿੰਘ, ਜਸਵੰਤ ਰਾਏ, ਕੁਲਵਿੰਦਰ ਸਿੰਘ, ਮਨੀ ਰਾਮ, ਹਨੂੰਮਾਨ ਪ੍ਰਸ਼ਾਦ ਅਤੇ ਸਤੀਸ਼ ਕੁਮਾਰ ਨੇ ਮੰਗ ਕੀਤੀ ਕਿ ਬਿਜਲੀ ਐਕਟ 2003 ਰੱਦ ਕੀਤਾ ਜਾਵੇ, ਨਿੱਜੀਕਰਨ ਦੀ ਨੀਤੀ ਤਹਿਤ ਬੰਦ ਕੀਤੇ ਸਰਕਾਰੀ ਥਰਮਲ ਮੁੜ ਸਰਕਾਰੀ ਤੌਰ ਤੇ ਚਾਲੂ ਕੀਤੇ ਜਾਣ, ਸੇਵਾ ਸ਼ਰਤਾਂ ਵਿਚ ਕੀਤੀ ਤਬਦੀਲੀ ਰੱਦ ਕੀਤੀ ਜਾਵੇ। ਆਗੂਆਂ ਨੇ ਮੈਨੇਜਮੈਂਟ ਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ। ਇਸ ਮੌਕੇ ਹਰੀ ਸ਼ੰਕਰ, ਰਾਮ ਸਰਨ, ਸਮਿਥ ਕੁਮਾਰ, ਸਿਕੰਦਰ ਸਿੰਘ, ਮੇਵਾ ਸਿੰਘ, ਮਲਕੀਤ ਸਿੰਘ, ਰਾਮ ਲੋਕ ਹਾਜ਼ਰ ਸਨ।