ਖੰਨਾ: ਇੱਥੋਂ ਦੇ ਏਐਸ ਗਰੁੱਪ ਆਫ ਇੰਸਟੀਚਿਊਟ ਵਿੱਚ ਕੌਮੀ ਪੋਸ਼ਣ ਹਫ਼ਤੇ ਦੌਰਾਨ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ’ਚ ਸਿਹਤ ਤੇ ਪੋਸ਼ਣ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਉਂਦਿਆਂ ਡਾ. ਕਮਲਪ੍ਰੀਤ ਕੌਰ ਵਾਲੀਆ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਫ਼ਤਲਾ ਪ੍ਰਾਪਤ ਕਰਨ ਲਈ ਜੀਵਨ ਵਿਚ ਚੰਗੀ ਪੌਸ਼ਟਿਕ ਖੁਰਾਕ ਤੇ ਸਿਹਤ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਿਟਾਮਿਨ, ਪ੍ਰੋਟੀਨ, ਆਇਰਨ, ਕੈਲਸ਼ੀਅਮ ਆਦਿ ਦੀ ਕਮੀ ਨਾਲ ਹੋਣ ਵਾਲੀਆਂ ਵੱਖ- ਵੱਖ ਬਿਮਾਰੀਆਂ ਬਾਰੇ ਤੇ ਆਪਣੀ ਖੁਰਾਕ ’ਚ ਸੁਧਾਰ ਕਰਕੇ ਇਸ ਕਮੀ ਨੂੰ ਪੂਰਾ ਕਰਨ ਸਬੰਧੀ ਜਾਣਕਾਰੀ ਦਿੱਤੀ। ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਅਖੀਰ ਵਿਚ ਡਾ. ਹਰਪ੍ਰੀਤ ਸਿੰਘ ਅਤੇ ਸਟਾਫ ਮੈਂਬਰਾਂ ਨੇ ਮਾਹਿਰ ਡਾਕਟਰਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਸੁਸ਼ੀਲ ਕੁਮਾਰ, ਐਡਵੋਕੇਟ ਬਰਿੰਦਰ ਡੈਵਿਟ, ਸੰਜੀਵ ਕੁਮਾਰ ਨੇ ਕਾਲਜ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। -ਨਿੱਜੀ ਪੱਤਰ ਪ੍ਰੇਰਕ