ਖੇਤਰੀ ਪ੍ਰਤੀਨਿਧ
ਲੁਧਿਆਣਾ , 20 ਮਾਰਚ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਥੱਲੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਯੂਨੀਅਨਾਂ ਦੇ ਆਗੂਆਂ ਦਾ ਵਫ਼ਦ ਅੱਜ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਮਿਲਿਆ। ਉਨ੍ਹਾਂ ਭੋਲਾ ਗਰੇਵਾਲ ਨੂੰ ਬਸੰਤੀ ਰੰਗ ਦੇ ਸਿਰੋਪਾਓ ਨਾਲ ਸਨਮਾਨਿਤ ਕਰਦਿਆਂ ਮੰਗ ਪੱਤਰ ਸੌਂਪਿਆ। ਮੁਲਾਜ਼ਮ ਆਗੂਆਂ ਨੇ ਵਿਧਾਇਕ ਗਰੇਵਾਲ ਨੂੰ ਦੱਸਿਆ ਕਿ ਸ੍ਰੀ ਕੇਜਰੀਵਾਲ ਨੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ’ਤੇ ਸਾਲ 2004 ’ਚ ਲਾਗੂ ਹੋਈ ਮੁਲਾਜ਼ਮ ਮਾਰੂ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਮੁਲਾਜ਼ਮਾਂ ਦੀ ਮੰਗ ਹੈ ਕਿ ਇਸਨੂੰ ਪਹਿਲ ਦੇ ਅਧਾਰ ’ਤੇ ਮੰਨਿਆ ਜਾਵੇ। ਇਸ ਤੋਂ ਇਲਾਵਾ 3 ਸਾਲ ਦੇ ਪਰਖ਼ਕਾਲ ਸਮੇਂ ਨੂੰ ਘਟਾ ਕੇ 1 ਸਾਲ ਕਰਨ ਜਾਂ ਬਿਲਕੁਲ ਖਤਮ ਕਰਨ ਅਤੇ ਇਸ ਦੌਰਾਨ ਵੀ ਪੂਰੀ ਤਨਖਾਹ ਦੇਣ, ਕੱਚੇ ਮੁਲਾਜ਼ਮਾਂ ਨੂੰ ਜਲਦ ਪੱਕੇ ਕਰਨ ਦੀ ਮੰਗ ਰੱਖੀ। ਸ੍ਰੀ ਗਰੇਵਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਕੋਸ਼ਿਸ ਕਰਨਗੇ ਕਿ ਚੱਲ ਰਹੇ ਸ਼ੈਸ਼ਨ ਵਿੱਚ ਹੀ ਮੁਲਾਜ਼ਮਾਂ ਦੀਆਂ ਮੰਗਾਂ ਰੱਖਣ, ਨਹੀਂ ਤਾਂ ਅਗਲੇ ਸੈਸ਼ਨ ਵਿੱਚ ਇਨ੍ਹਾਂ ਨੂੰ ਜ਼ਰੂਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਰਖ਼ਕਾਲ ਸਮੇਂ ਨੂੰ ਘਟਾਉਣ ਦਾ ਮੁੱਦਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਏਜੰਡੇ ਵਿੱਚ ਪਹਿਲਾਂ ਹੀ ਹੈ। ਵਿਧਾਇਕ ਨੂੰ ਮਿਲਣ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰੈੱਸ ਸਕੱਤਰ ਮਾਸਟਰ ਪ੍ਰਭਜੀਤ ਸਿੰਘ ਰਸੂਲਪੁਰ, ਜ਼ੋਨ ਸਕੱਤਰ ਟੈਕਨੀਕਲ ਸਰਵਿਸ ਯੂਨੀਅਨ ਤੋਂ ਐਡੀਸ਼ਨਲ ਐੱਸਡੀਓ ਰਘਵੀਰ ਸਿੰਘ, ਐੱਸਸੀਬੀਸੀ ਐਂਪਲਾਈਜ਼ ਫੈਡਰੇਸ਼ਨ ਅਤੇ ਟੀਐੱਸਯੂ ਪ੍ਰਚਾਰ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਆਮ ਆਦਮੀਂ ਪਾਰਟੀ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਗੀਰ ਸਿੰਘ, ਹਿਰਦੇ ਰਾਮ, ਗੌਰਵ ਕੁਮਾਰ ਪ੍ਰਧਾਨ, ਮਨਪ੍ਰੀਤ ਸਿੰਘ, ਪੰਕਜ ਕੌਂਸਲ, ਬਲਵਿੰਦਰ ਭੰਗੂ, ਸੁਖਦੇਵ ਸਿੰਘ ਹਵਾਸ, ਓਮੇਸ਼ ਕੁਮਾਰ, ਰਘਵੀਰ ਸਿੰਘ ਜਮਾਲਪੁਰ, ਰੁਬਲਜੀਤ ਸਿੰਘ, ਧਰਮਪਾਲ, ਬਲਜੀਤ ਸਿੰਘ, ਹਰਜਿੰਦਰ ਸਿੰਘ ਸੈਣੀ, ਕੁਲਦੀਪ ਸਿੰਘ, ਪਰਮਾਨੰਦ ਅਤੇ ਰਾਜਿੰਦਰ ਮਾਹੀ ਆਦਿ ਹਾਜ਼ਰ ਸਨ।