ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੁਲਾਈ
ਨਗਰ ਨਿਗਮ ਵਿੱਚ ਸੀਵਰਮੈਨ, ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਵੱਲੋਂ ਕੱਚੇ ਸੀਵਰਮੈਨਾਂ, ਸਫ਼ਾਈ ਕਰਮਚਾਰੀਆਂ, ਮਾਲੀ, ਬੇਲਦਾਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਾਉਣ ਲਈ ਚੱਲ ਰਹੀ ਭੁੱਖ ਹੜਤਾਲ ਵਿੱਚ ਅੱਜ ਵਕੀਲ ਭਾਈਚਾਰਾ ਪੁੱਜਿਆ। ਇੱਥੇ ਵਕੀਲਾਂ ਦੇ ਜਥੇ ਨੇ ਭੁੱਖ ਹੜਤਾਲ ਕੀਤੀ। ਇਸ ਵਿੱਚ ਵਕੀਲ ਰਾਹੁਲ ਪੁਹਾਲ, ਤਕਸ਼ਨ ਬੱਗਨ, ਅਰਜੁਨ ਧੀਂਗਾਨ, ਵੀਰੋਚਨ ਬੱਗਨ, ਦੀਕਸ਼ਾ ਬੱਗਨ ਨੇ ਇੱਕ ਦਿਨਾਂ ਭੁੱਖ ਹੜਤਾਲ ਕੀਤੀ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੇ ਇਸ ਸੰਘਰਸ਼ ਨੂੰ ਸਮਾਜ ਦੇ ਹਰੇਕ ਵਰਗ ਦਾ ਸਮਰਥਨ ਮਿਲ ਰਿਹਾ ਹੈ। ਦੇਰ ਸ਼ਾਮ ਨੂੰ ਸੰਘਰਸ਼ ਕਮੇਟੀ ਦੇ ਆਗੂਆਂ ਦੀ ਵਿਧਾਇਕ ਗੁਰਪ੍ਰੀਤ ਗੋਗੀ, ਅਸ਼ੋਕ ਪਰਾਸ਼ਰ ਪੱਪੀ, ਮਦਾਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਵਿਚ ਪੰਜਾਬ ਦੇ ਲੋਕਲ ਬਾਡੀ ਮੰਤਰੀ ਇੰਦਰਬੀਰ ਸਿੰਘ ਨਿੱਝਰ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਸ਼ੇਨਾ ਅਗਰਵਾਲ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿਚ ਡੀਸੀ ਰੇਟ, ਸੈਕਸ਼ਨ ਅਤੇ 70 ਪ੍ਰਤੀਸ਼ਤ ਤੇ ਤਿੰਨ ਦੇ ਕੱਚੇ ਮੁਲਾਜ਼ਮ ਕੰਮ ਕਰ ਰਹੇ ਹਨ ਜਿਨ੍ਹਾਂ ਕਿ ਕੰਟਰੈਕਟ ਬੇਸ ਤੇ ਮੁਲਾਜ਼ਮਾਂ ਨੂੰ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਪੱਕਾ ਕਰਨ ਵਿਚ ਦਿੱਕਤ ਆ ਰਹੀ ਹੈ। ਇਸ ਦੌਰਾਨ ਸਾਰੀ ਸੰਘਰਸ਼ ਕਮੇਟੀ ਵਲੋਂ ਵਿਧਾਇਕ ਗੁਰਪ੍ਰੀਤ ਗੋਗੀ, ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਕਮਿਸ਼ਨਰ ਦਾ ਵੀ ਧੰਨਵਾਦ ਕੀਤਾ ਗਿਆ।