ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਗਸਤ
ਚੋਣ ਮੈਦਾਨ ਵਿੱਚ ਸਾਬਕਾ ਮੰਤਰੀ ਆਸ਼ੂ ਨੂੰ ਟੱਕਰ ਦੇਣ ਵਾਲੇ ਵਕੀਲ ਬਿਕਰਮ ਸਿੰਘ ਸਿੱਧੂ ਹੁਣ ਆਸ਼ੂ ਸਾਹਮਣੇ ਅਦਾਲਤੀ ਮੁਕਾਬਲੇ ਵਿੱਚ ਵੀ ਡੱਟ ਗਏ ਹਨ। ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ’ਚ ਸ਼ਿਕਾਇਤਕਰਤਾ ਠੇਕੇਦਾਰ ਗੁਰਪ੍ਰੀਤ ਸਿੰਘ ਵੱਲੋਂ ਬਿਕਰਮ ਸਿੱਧੂ ਨੇ ਅਦਾਲਤ ਵਿੱਚ ਬਹਿਸ ਕੀਤੀ। ਬੀਤੇ ਦਿਨੀਂ ਅਦਾਲਤ ਨੇ ਸਾਬਕਾ ਮੰਤਰੀ ਆਸ਼ੂ ਨੂੰ 2 ਦਿਨਾਂ ਪੁਲੀਸ ਰਿਮਾਂਡ ’ਤੇ ਭੇਜਿਆ ਸੀ।
ਦੱਸ ਦੇਈਏ ਕਿ ਬਿਕਰਮ ਸਿੰਘ ਸਿੱਧੂ ਹਾਲ ਹੀ ’ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਹਲਕਾ ਪੱਛਮੀ ਤੋਂ ਉਮੀਦਵਾਰ ਸਨ ਤੇ ਆਸ਼ੂ ਖਿਲਾਫ਼ ਚੋਣ ਲੜੇ ਸਨ। ਇਨ੍ਹਾਂ ਚੋਣਾਂ ’ਚ ਦੋਹਾਂ ਦੀ ਹਾਰ ਹੋ ਗਈ ਤੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਗੋਗੀ ਜੇਤੂ ਰਹੇ ਸਨ। ਚੋਣਾਂ ਦੇ ਮੈਦਾਨ ਤੋਂ ਬਾਅਦ ਹੁਣ ਸਿੱਧੂ ਅਤੇ ਆਸ਼ੂ ਇੱਕ ਵਾਰ ਫਿਰ ਅਦਾਲਤ ’ਚ ਇੱਕ-ਦੂਸਰੇ ਦਾ ਮੁਕਾਬਲਾ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਵਕੀਲ ਬਿਕਰਮ ਸਿੱਧੂ ਨੇ ਅਦਾਲਤ ’ਚ ਕਾਫ਼ੀ ਬਹਿਸ ਕੀਤੀ ਤੇ ਸਵਾਲ ਚੁੱਕਿਆ ਕਿ ਜੇਕਰ ਮਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪੁੱਜਦਾ ਹੀ ਨਹੀਂ ਤਾਂ ਵਿਭਾਗ ਨੇ ਠੇਕੇਦਾਰ ਨੂੰ ਪੈਸਿਆਂ ਦੀ ਅਦਾਇਗੀ ਕਿਵੇਂ ਕਰ ਦਿੱਤੀ ਗਈ? ਇਸ ਤਰ੍ਹਾਂ ਦੇ ਕਈ ਸਵਾਲ ਅਦਾਲਤੀ ’ਚ ਵਕੀਲ ਸਿੱਧੂ ਨੇ ਰੱਖੇ। ਦੱਸ ਦੇਈਏ ਕਿ ਸਭ ਤੋਂ ਪਹਿਲਾਂ ਠੇਕੇਦਾਰ ਗੁਰਪ੍ਰੀਤ ਸਿੰਘ ਦੇ ਨਾਲ ਇਸ ਮੁੱਦੇ ਨੂੰ ਵਕੀਲ ਸਿੱਧੂ ਨੇ ਹੀ ਚੁੱਕਿਆ ਸੀ।