ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਕਤੂਬਰ
ਸਨਅਤੀ ਸ਼ਹਿਰ ’ਚ ਫਿਰ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਤਿਉਹਾਰੀ ਸੀਜ਼ਨ ਵਿੱਚ ਪੁਲੀਸ ਟਰੈਫਿਕ ਸੁਲਝਾਉਣ ਵਿੱਚ ਲੱਗੀ ਰਹੀ ਤੇ ਪਿਛਲੇ 10 ਦਿਨਾਂ ਦੌਰਾਨ ਲੁਧਿਆਣਾ ਵਿੱਚ ਚਾਰ ਕਤਲ ਹੋ ਗਏ। ਪੁਲੀਸ ਦਾਅਵੇ ਵੱਡੇ ਵੱਡੇ ਕਰਦੀ ਹੈ, ਪਰ ਜੇ ਅਸਲੀਅਤ ਵੱਲ ਦੇਖਿਆ ਜਾਵੇ ਤਾਂ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਮੁਲਜ਼ਮ ਵਾਰਦਾਤ ਕਰਨ ਤੋਂ ਬਾਅਦ ਲਗਾਤਾਰ ਫ਼ਰਾਰ ਹੋ ਰਹੇ ਹਨ, ਪਰ ਪੁਲੀਸ ਹੱਥ ’ਤੇ ਹੱਥ ਧਰ ਕੇ ਬੈਠੀ ਹੈ। ਸਨਅਤੀ ਸ਼ਹਿਰ ’ਚ ਗੈਂਗਸਟਰਵਾਦ ਇੱਕ ਵਾਰ ਫਿਰ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਤੇ ਗੈਂਗਵਾਰਾਂ ਜਾਰੀ ਹਨ। ਹਰ ਗੈਂਗ ਆਪਣਾ ਰੁਤਬਾ ਕਾਇਮ ਰੱਖਣ ਲਈ ਦੂਸਰੇ ਧੜੇ ਦੇ ਮੁਲਜ਼ਮਾਂ ਨੂੰ ਲ਼ਗਾਤਾਰ ਕਤਲ ਕਰਨ ’ਚ ਲੱਗਿਆ ਹੈ। ਮੁਲਜ਼ਮਾਂ ਦੇ ਜ਼ਹਿਨ ’ਚ ਪੁਲੀਸ ਦਾ ਡਰ ਇਸ ਤਰ੍ਹਾਂ ਖਤਮ ਹੋ ਚੁੱਕਿਆ ਹੈ ਕਿ ਸ਼ਰ੍ਹੇਆਮ ਬਾਜ਼ਾਰ ’ਚ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਅਤੇ ਚਾਹ ਵਾਲੇ ਨੂੰ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇੱਕ ਨੌਜਵਾਨ ਨੂੰ ਸ਼ਰ੍ਹੇਆਮ ਉਸਦੇ ਪਿਤਾ ਦੇ ਸਾਹਮਣੇ ਪੱਥਰ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ।
ਲੁਧਿਆਣਾ ’ਚ ਲਾਅ ਐਂਡ ਆਰਡਰ ਦੀ ਸਥਿਤੀ ਇਸ ਕਦਰ ਵਿਗੜ ਚੁੱਕੀ ਹੈ ਕਿ ਰੋਜ਼ਾਨਾ ਰਾਹਗੀਰਾਂ ਤੋਂ ਹਥਿਆਰ ਦਿਖਾ ’ਤੇ ਲੁੱਟਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਤਿਉਹਾਰਾਂ ਤੋਂ ਪਹਿਲਾਂ ਏਡੀਜੀਪੀ ਪੱਧਰ ਦੇ ਅਧਿਕਾਰੀ ਚੈਕਿੰਗ ਲਈ ਆਉਂਦੇ ਰਹੇ, ਪਰ ਤਿਉਹਾਰੀ ਸੀਜ਼ਨ ’ਚ ਪੁਲੀਸ ਸਿਰਫ਼ ਯੋਜਨਾ ਬਣਾਉਂਦੀ ਰਹੀ ਤੇ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਜੇ ਗੱਲ ਕੀਤੀ ਜਾਵੇ ਤਾਂ ਭਾਮੀਆਂ ਕਲਾਂ ’ਚ ਨੌਜਵਾਨ ਪਾਰਸ ਖੱਤਰੀ ਨੂੰ ਸੋਮਵਾਰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਗੈਂਗਸਟਰ ਅਜੈ ਪੰਡਿਤ ਤੇ ਉਸ ਦਾ ਭਰਾ ਹਾਲੇ ਤੱਕ ਸਾਥੀਆਂ ਸਮੇਤ ਫ਼ਰਾਰ ਹੈ। ਜੂਏ ’ਚ ਹਾਰ ਜਿੱਤ ਦੇ ਪੈਸਿਆਂ ਦੇ ਲੈਣ ਦੇਣ ਦੇ ਚੱਕਰ ’ਚ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਫੈਕਟਰੀ ’ਚ ਚਾਹ ਦੀ ਦੁਕਾਨ ਕਰਨ ਵਾਲੇ ਦਾ ਕਤਲ ਕਰਕੇ ਲਾਸ਼ ਨੂੰ ਖੇਤਾਂ ’ਚ ਸੁੱਟ ਦਿੱਤਾ ਗਿਆ ਤੇ ਪੁਲੀਸ ਨੂੰ ਹਾਲੇ ਤੱਕ ਮੁਲਜ਼ਮਾਂ ਬਾਰੇ ਕੁਝ ਵੀ ਪਤਾ ਨਹੀਂ ਹੈ। ਇਸ ਦੇ ਨਾਲ ਨਾਲ ਸਾਹਨੇਵਾਲ ਇਲਾਕੇ ’ਚ ਨੌਜਵਾਨ ਦਾ ਨਾਜਾਇਜ਼ ਸੰਬੰਧਾਂ ਕਾਰਨ ਕਤਲ ਕਰ ਦਿੱਤਾ ਗਿਆ। ਲਗਾਤਾਰ ਹੋ ਰਹੀਆਂ ਲੁੱਟਖੋਹ ਅਤੇ ਕਤਲ ਦੀਆਂ ਵਾਰਦਾਤਾਂ ਨਾਲ ਮਹਾਂਂਨਗਰ ਦੇ ਲੋਕਾਂ ’ਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਹੈ। ਜਿਸ ਥਾਂ ’ਤੇ ਵਾਰਦਾਤਾਂ ਹੋਈਆਂ ਹਨ, ਪੁਲੀਸ ਉਨ੍ਹਾਂ ਇਲਾਕਿਆਂ ’ਚ ਵੀ ਦਾਅਵਾ ਕਰਦੀ ਹੈ ਕਿ ਗਸ਼ਤ ਟੀਮਾਂ ਇਨ੍ਹਾਂ ਇਲਾਕਿਆਂ ’ਚ ਰਹਿੰਦੀਆਂ ਹਨ, ਪਰ ਸੱਚਾਈ ਕਿੰਨੀ ਹੈ, ਇਹ ਤਾਂ ਪੁਲੀਸ ਹੀ ਦੱਸ ਸਕਦੀ ਹੈ।