ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਫਰਵਰੀ
ਪਬਲਿਕ ਐਕਸ਼ਨ ਕਮੇਟੀ ਸਤਲੁਜ ਅਤੇ ਮੱਤੇਵਾੜਾ ਜੰਗਲ (ਪੀਏਸੀ) ਨੇ ਵਾਤਾਵਰਣ ਨੂੰ ਬਚਾਉਣ ਲਈ ਅੱਜ ਕਰਾਮਾਤ (ਸੀਆਰਏਐਮਏਟੀ) ਨਾਂ ਦੀ ਇੱਕ ਐਪ ਲਾਂਚ ਕੀਤੀ ਹੈ। ਇਸ ਐਪ ਰਾਹੀਂ ਕੋਈ ਵੀ ਵਿਅਕਤੀ ਆਪਣੇ ਇਲਾਕੇ ਵਿੱਚ ਕੰਕਰੀਟ ਅਤੇ ਟਾਇਲਾਂ ਨਾਲ ਢਕੀਆਂ ਹੋਈਆਂ ਦਰਖਤਾਂ ਦੀਆਂ ਜੜ੍ਹਾਂ ਦੀ ਫੋਟੋ ਖਿੱਚ ਕਿ ਅਪਲੋਡ ਕਰ ਸਕਦਾ ਹੈ। ਕੁਲਦੀਪ ਸਿੰਘ ਖਹਿਰਾ ਅਤੇ ਮੋਹਿਤ ਸਾਗਰ ਨੇ ਦੱਸਿਆ ਕਿ ਪਹਿਲਾਂ ਇਹ ਐਪ ਨਗਰ ਨਿਗਮ ਵੱਲੋਂ ਨਾਗਰਿਕਾਂ ਦੀਆਂ ਸ਼ਿਕਾਇਤਾਂ ਦੀ ਰਿਪੋਰਟ ਕਰਨ ਲਈ ਕਰੀਬ ਸੱਤ ਸਾਲ ਪਹਿਲਾਂ ਵਰਤੋਂ ਵਿੱਚ ਲਿਆਂਦੀ ਗਈ ਸੀ ਤੇ ਸਾਲ 2020 ਵਿੱਚ ਇਸ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ। ਇਸ ਐਪ ਦੇ ਨਿਰਮਾਤਾਵਾਂ ਵੈਬਰੋਸਾਫਟ ਵੱਲੋਂ ਲੋਕਾਂ ਨੂੰ ਇਸ ਐਪ ਰਾਹੀਂ ਹੁਣ ਵਾਤਾਵਰਣ ’ਤੇ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਨੂੰ ਮੁੱਦਿਆਂ ਦੀ ਰਿਪੋਰਟ ਭੇਜਣ ਲਈ ਦੁਬਾਰਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਲੁਧਿਆਣਾ ਵਾਸੀਆਂ ਵੱਲੋਂ ਰੁੱਖਾਂ ਦੀਆਂ ਜੜ੍ਹਾਂ ’ਤੇ ਕੰਕਰੀਟ ਅਤੇ ਟਾਈਲਾਂ ਲਗਾਏ ਹੋਣ ਦੀ ਰਿਪੋਰਟ ਕਰਨ ਲਈ ਵਰਤਿਆ ਜਾ ਸਕੇਗਾ। ਵੈਬਰੋਸੋਫਟ ਦੇ ਮੁਖੀ ਜਸਕੀਰਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਜਿਹੜੇ ਲੋਕ ਰੁੱਖਾਂ ਤੇ ਹਰਿਆਲੀ ਦੀ ਰੱਖਿਆ ਕਰਨਾ ਚਾਹੁੰਦੇ ਹਨ, ਉਹ ਇਸ ਐਪ ਰਾਹੀਂ ਕੰਕਰੀਟ ਜਾਂ ਟਾਈਲਾਂ ਨਾਲ ਢੱਕੀਆਂ ਦਰਖਤਾਂ ਦੀਆਂ ਜੜ੍ਹਾਂ ਵਾਲੀਆਂ ਫੋਟੋਆਂ ਅਪਲੋਡ ਕਰਕੇ ਕੌਂਸਲ ਆਫ ਇੰਜੀਨੀਅਰਜ਼ ਦੀ ਮਦਦ ਕਰ ਸਕਣਗੇ। ਇਸ ਤਰ੍ਹਾਂ ਲੁਧਿਆਣੇ ਦੇ ਵਾਤਾਵਰਨ ਪ੍ਰਤੀ ਜਾਗਰੂਕ ਨਾਗਰਿਕ ਆਪਸ ਵਿੱਚ ਸਹਿਯੋਗ ਕਰ ਸਕਣਗੇ ਤਾਂ ਕਿ ਰੁੱਖਾਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ। ਇੰਜ. ਜਸਕੀਰਤ ਨੇ ਦੱਸਿਆ ਕਿ ਇਸ ਐਪ ਰਾਹੀਂ ਫੋਟੋ ਖਿੱਚਣ ’ਤੇ ਸਬੰਧ ਵਾਰਡ ਨੰਬਰ, ਕੌਂਸਲਰ ਦਾ ਨਾਂ ਅਤੇ ਉਸ ਦਾ ਸੰਪਰਕ ਨੰਬਰ ਆਪਣੇ ਆਪ ਸਾਹਮਣੇ ਆ ਜਾਵੇਗਾ। ਉਨ੍ਹਾਂ ਨੇ ਇਸ ਐਪ ਨੂੰ ਵਾਤਾਵਰਨ ਪੱਖੀ ਕੰਮਾਂ ਲਈ ਵਧੀਆ ਸਾਧਨ ਹੋਣ ਦਾ ਦਾਅਵਾ ਕੀਤਾ ਹੈ।