ਸਤਵਿੰਦਰ ਬਸਰਾ
ਲੁਧਿਆਣਾ, 7 ਸਤੰਬਰ
ਪੀਏਯੂ ਦੀ ਮੋਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਵਿਹੜੇ ਵਿਚ ਹੋਏ ਇਕ ਸਮਾਗਮ ਦੌਰਾਨ ਕਲੀਨ ਐਂਡ ਗਰੀਨ ਪੀਏਯੂ ਮੁਹਿੰਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਨੇ 6 ਦਹਾਕਿਆਂ ਦੀ ਉਮਰ ਪੂਰੀ ਕਰ ਲਈ ਹੈ। ਇੰਨਾ ਸਮਾਂ ਬਦਲਾਅ ਲਈ ਕਾਫੀ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਸ ਦੀ ਦਿੱਖ ਨੂੰ ਬਦਲਣ, ਨਵੀਂ ਬਣਾਉਣ ਤੇ ਹੋਰ ਸੁੰਦਰ ਕਰਨ ਦੀ ਲੋੜ ਹੈ। ਇਸ ਸੰਸਥਾ ਦੀ ਲੈਂਡਸਕੇਪਿੰਗ ਦੀ ਵਿਉਂਤਬੰਦੀ ਬੜੀ ਦਿਲਕਸ਼ ਰਹੀ ਹੈ, ਜਿਸ ਨੂੰ ਬਹਾਲ ਕਰਨਾ ਤੇ ਹੋਰ ਬਿਹਤਰ ਬਣਾਉਣਾ ਅੱਜ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਲਾਅਨ, ਬੋਟੈਨੀਕਲ ਗਾਰਡਨ ਤੇ ਰੌਕ ਗਾਰਡਨ ਆਦਿ ਸਥਾਨ ਨਵਿਆਏ ਜਾਣਗੇ। ਇਸ ਮੌਕੇ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ, ਜਨਮੇਜਾ ਸਿੰਘ ਜੌਹਲ, ਸਰਜੀਤ ਸਿੰਘ ਗਿੱਲ ਅਤੇ ਸੇਵਾਮੁਕਤ ਹੋਏ ਵਿਗਿਆਨੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇੱਕ ਖੁੱਲ੍ਹੇ ਵਿਚਾਰ ਚਰਚਾ ਸੈਸ਼ਨ ਵਿਚ ਸਭ ਨੇ ਸੰਸਥਾ ਦੀ ਪੁਰਾਣੀ ਹਰਿਆਲੀ ਵਾਲੀ ਸ਼ਾਨ ਬਹਾਲ ਕਰਨ ਲਈ ਹਰ ਸਹਿਯੋਗ ਕਰਨ ਲਈ ਪੇਸ਼ਕਸ਼ ਕੀਤੀ। ਭਾਰਤੀ ਉਦਯੋਗ ਸੰਘ ਦੇ ਪ੍ਰਤੀਨਿਧੀ ਡਾ. ਚੰਦਰਕਾਂਤ ਨੇ ਇਸ ਸੰਸਥਾ ਨੂੰ ਪਵਿੱਤਰ ਸਥਾਨ ਕਿਹਾ ਤੇ ਇਸ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਅੱਜ ਦਾ ਇਹ ਸਮਾਗਮ ਵੀ ਭਾਰਤੀ ਉਦਯੋਗ ਸੰਘ ਵਲੋਂ ਕਰਵਾਇਆ ਗਿਆ ਸੀ। ਪੀਏਯੂ ਦੇ ਮਿਲਖ ਅਧਿਕਾਰੀ ਡਾ. ਆਰ.ਆਈ.ਐੱਸ ਗਿੱਲ ਨੇ ਸਵਾਗਤੀ ਸ਼ਬਦ ਆਖੇ ਜਦਕਿ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਭ ਦਾ ਧੰਨਵਾਦ ਕੀਤਾ।