ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਅਕਤੂਬਰ
ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਦਾ ਇਕ ਸਾਲ ਪੂਰਾ ਹੋਣ ਅਤੇ ਅੱਜ ਨਵਾਂ ਸਾਲ ਸ਼ੁਰੂ ਹੋਣ ’ਤੇ ਸਥਾਨਕ ਰੇਲਵੇ ਪਾਰਕ ਵਿੱਚ ਇਲਾਕੇ ਭਰ ਦੇ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਇਕੱਤਰਤਾ ਹੋਈ। ਕਿਸਾਨ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ ਇਕ ਅਕਤੂਬਰ ਨੂੰ ਪੰਜਾਬ ’ਚ 125 ਥਾਵਾਂ ਰੇਲਵੇ ਸਟੇਸ਼ਨ, ਟੌਲ ਪਲਾਜ਼ਿਆਂ, ਮਾਲ, ਰਿਲਾਇੰਸ ਪੈਟਰੋਲ ਪੰਪਾਂ ’ਤੇ ਸ਼ੁਰੂ ਹੋਏ ਮੋਰਚੇ ਇਕ ਸਾਲ ਪੂਰਾ ਕਰ ਚੁੱਕੇ ਹਨ। ਸੰਘਰਸ਼ ਦਾ ਨਵਾਂ ਸਾਲ ਸ਼ੁਰੂ ਹੋਣ ’ਤੇ ਜਿੱਥੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਹੁਣ ਤੱਕ ਕਿਸਾਨ ਸੰਘਰਸ਼ ’ਚ ਸਮਾਜ ਦੇ ਹਰ ਵਰਗ ਵੱਲੋਂ ਪਾਏ ਯੋਗਦਾਨ ਲਈ ਧੰਨਵਾਦ ਕੀਤਾ, ਉਥੇ ਸੰਘਰਸ਼ ਨਾਲ ਨਿਰੰਤਰ ਜੁੜੇ ਰਹਿਣ ਦੀ ਵੀ ਅਪੀਲ ਕੀਤੀ। ਇਸ ਸਮੇਂ ਅਹਿਦ ਰਾਹੀਂ ਕਿਸਾਨ ਮਜ਼ਦੂਰ ਸੰਘਰਸ਼ ਦੀ ਜਿੱਤ ਤੱਕ ਮੋਰਚਿਆਂ ’ਤੇ ਡਟੇ ਰਹਿਣ ਦਾ ਵੀ ਪ੍ਰਣ ਲਿਆ ਗਿਆ। ਸਭ ਤੋਂ ਪਹਿਲਾਂ ਕਿਸਾਨ ਸੰਘਰਸ਼ ’ਚ ਹੁਣ ਤੱਕ ਸ਼ਹੀਦ ਹੋਏ ਕਿਸਾਨਾਂ-ਮਜ਼ਦੂਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਏ, ਇਸ ਧਰਨੇ ’ਚ ਇੰਦਰਜੀਤ ਸਿੰਘ ਧਾਲੀਵਾਲ ਦੀ ਮੰਚ ਸੰਚਾਲਨਾਂ ਹੇਠ ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੜਾਈ ਨੇ ਇਕ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਇਸ ਇਤਿਹਾਸ ਨੇ ਕੁੱਲ ਜਗਤ ਨੂੰ ਆਪਣੇ ਮਨਾਂ ਨਾਲ ਜੋੜ ਲਿਆ ਹੈ। ਸਾਬਕਾ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਭੁਮਾਲ, ਦਰਸ਼ਨ ਸਿੰਘ ਗਾਲਬਿ, ਜਗਤਾਰ ਸਿੰਘ ਦੇਹੜਕਾ, ਜਗਦੀਸ਼ ਸਿੰਘ, ਲੋਕ ਆਗੂ ਕੰਵਲਜੀਤ ਖੰਨਾ, ਸੁਰਿੰਦਰ ਸ਼ਰਮਾ, ਹਰਭਜਨ ਸਿੰਘ ਦੌਧਰ ਨੇ ਭਾਰਤ ਬੰਦ ਵਾਲੇ ਦਿਨ ਰੇਲਵੇ ਟਰੈਕ ’ਤੇ ਬੈਠੇ ਕਿਸਾਨ ਆਗੂਆਂ ਅਤੇ ਵਰਕਰਾਂ ’ਤੇ ਲੁਧਿਆਣਾ ਰੇਲਵੇ ਪੁਲੀਸ ਵੱਲੋਂ ਦਰਜ ਪਰਚੇ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਨਾ ਕਰਨ ਦੀ ਹਾਲਤ ’ਚ ਰੇਲਵੇ ਅਧਿਕਾਰੀਆਂ ਦਾ ਘਿਰਾਉ ਕੀਤਾ ਜਾਵੇਗਾ।