ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਨਵੰਬਰ
ਡਾਬਾ ਦੇ ਸ਼ਿਮਲਾਪੁਰੀ ਸਥਿਤ ਬਸੰਤ ਨਗਰ ਇਲਾਕੇ ’ਚ ਲੈਂਟਰ ਤੋੜਦੇ ਸਮੇਂ ਮਜ਼ਦੂਰ ਥੱਲੇ ਡਿੱਗ ਗਿਆ ਤੇ ਲੈਂਟਰ ਥੱਲੇ ਆ ਗਿਆ। ਇਸ ਤੋਂ ਬਾਅਦ ਲੈਂਟਰ ਦੇ ਮਲਬੇ ਹੇਠ ਦੱਬਣ ਨਾਲ ਉਸ ਦੀ ਮੌਤ ਹੋ ਗਈ। ਕਿਸੇ ਤਰ੍ਹਾਂ ਮਜ਼ਦੂਰਾਂ ਨੇ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਵੀ ਪਹੁੰਚਾਇਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਾਬਾ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਸ਼ਿਮਲਾਪੁਰੀ ਦੇ ਬਸੰਤ ਨਗਰ ਵਾਸੀ ਬਿੰਦੇਸ਼ਵਰੀ ਪ੍ਰਸ਼ਾਦ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਿੰਦੇਸ਼ਰੀ ਪ੍ਰਸ਼ਾਦ ਮੂਲ ਰੂਪ ’ਚ ਉਤਰ ਪ੍ਰਦੇਸ਼ ਦੇ ਫੈਜਾਬਾਦ ਦਾ ਰਹਿਣ ਵਾਲਾ ਹੈ। ਇੱਥੇ ਉਹ ਪਿਛਲੇਂ ਕਾਫ਼ੀ ਸਾਲਾਂ ਤੋਂ ਰਹਿ ਰਿਹਾ ਹੈ ਤੇ ਮਜ਼ਦੂਰੀ ਕਰਦਾ ਹੈ। ਕੁਝ ਦਿਨਾਂ ਤੋਂ ਉਹ ਲੈਂਟਰ ਤੋੜਨ ਦਾ ਕੰਮ ਕਰ ਰਿਹਾ ਸੀ। ਘਰ ਦੇ ਨਾਲ ਵਾਲੀ ਗਲੀ ’ਚ ਰੋਜ਼ਾਨਾ ਦੀ ਤਰ੍ਹਾਂ ਉਹ ਸੋਮਵਾਰ ਸਵੇਰੇ ਲੈਂਟਰ ਤੋੜ ਰਿਹਾ ਸੀ। ਇਸੇ ਦੌਰਾਨ ਲੈਂਟਰ ਤੋੜਦੇ ਸਮੇਂ ਸਾਰਾ ਲੈਂਟਰ ਹੇਠਾਂ ਡਿੱਗ ਗਿਆ। ਇਸ ਦੌਰਾਨ ਬਿੰਦੇਸ਼ਰੀ ਵੀ ਥੱਲੇ ਆ ਗਿਆ ਤੇ ਬਚਿਆ ਲੈਂਟਰ ਥੱਲੇ ਆ ਗਿਆ। ਇਸ ਤੋਂ ਬਾਅਦ ਲੈਂਟਰ ਦੇ ਮਲਬੇ ਹੇਠ ਦੱਬ ਕੇ ਉਸ ਦੀ ਮੌਤ ਹੋ ਗਈ। ਹਾਲਾਂ ਕਿ ਉਸ ਦੇ ਸਾਥੀਆਂ ਨੇ ਉਸ ਨੂੰ ਮਲਬੇ ’ਚੋਂ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਉਸ ਦੀ ਮੌਤ ਹੋ ਚੁੱਕੀ ਹੈ। ਜਾਂਚ ਅਧਿਕਾਰੀ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਖਾਲੀ ਪਲਾਟ ਵਿੱਚੋਂ ਨਵਜੰਮੀ ਬੱਚੀ ਦੀ ਲਾਸ਼ ਮਿਲੀ
ਲੁਧਿਆਣਾ : ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਸੁਰਜੀਤ ਨਗਰ ਸਥਿਤ ਇਕ ਖਾਲੀ ਪਲਾਟ ਵਿੱਚੋਂ ਨਵਜੰਮੀ ਬੱਚੀ ਦੀ ਲਾਸ਼ ਮਿਲੀ ਹੈ। ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਜਦੋਂ ਉਹ ਪੁਲੀਸ ਚੌਂਕੀ ਕੰਗਣਵਾਲ ਵਿੱਚ ਹਾਜ਼ਰ ਸੀ ਤਾਂ ਉਸ ਨੂੰ ਪਤਾ ਲੱਗਿਆ ਕਿ ਸੁਰਜੀਤ ਨਗਰ ਗਲੀ ਨੰਬਰ 5 ਦੇ ਇਕ ਖਾਲੀ ਪਲਾਟ ਵਿੱਚ ਨਵਜੰਮੀ ਬੱਚੀ ਦੀ ਲਾਸ਼ ਪਈ ਹੈ। ਉਹ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਤਾਂ ਦੇਖਿਆ ਕਿ ਨਵਜੰਮੀ ਬੱਚੀ ਦੀ ਲਾਸ਼ ਪਲਾਸਟਿਕ ਦੇ ਥੈਲੇ ਵਿੱਚ ਪਾ ਕੇ ਖਾਲੀ ਪਲਾਟ ਵਿੱਚ ਸੁੱਟੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ