ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਸਤੰਬਰ
ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਅਗਵਾਈ ਹੇਠ ਜਥੇਬੰਦੀ ਦੀਆਂ ਲਲਤੋਂ ਕਲਾਂ ਤੇ ਲਲਤੋਂ ਖੁਰਦ ਇਕਾਈਆਂ ਵੱਲੋਂ ਬੀਕੇਯੂ (ਡਕੌਂਦਾ) ਤੇ ਜਮਹੂਰੀ ਕਿਸਾਨ ਸਭਾ ਦੇ ਸਹਿਯੋਗ ਨਾਲ ਬਿਜਲੀ ਸਮਾਰਟ ਮੀਟਰ ਲਾਏ ਜਾਣ ਦੇ ਮੁੱਦੇ ’ਤੇ ਐਕਸੀਅਨ ਮਨਿੰਦਰ ਕੁਮਾਰ ਨਾਲ ਵਫ਼ਦ ਵਜੋਂ ਮੁਲਾਕਾਤ ਕੀਤੀ ਗਈ।
ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ 17-18 ਮਈ ਨੂੰ ਜੁਝਾਰੂ ਕਿਸਾਨ- ਮਜ਼ਦੂਰ ਜਥੇਬੰਦੀਆਂ ਦੇ ਵਿਸ਼ਾਲ ਚੰਡੀਗੜ੍ਹ ਘੋਲ ਦੇ ਸਿੱਟੇ ਵਜੋਂ 18 ਮਈ ਨੂੰ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਨਿਆ ਸੀ ਕਿ ਸਹਿਮਤੀ ਤੋਂ ਬਿਨਾਂ ਸਮਾਰਟ ਮੀਟਰ ਨਹੀਂ ਲਗਾਏ ਜਾਣਗੇ, ਪਰ ਹੁਣ ਖਪਤਕਾਰਾਂ ਦੀ ਵਰਗ-ਵੰਡ ਕਰ ਕੇ ਸਾਜ਼ਿਸ਼ੀ ਢੰਗ ਨਾਲ ਇਸ ਨੀਤੀ ਨੂੰ ਚਲਾਕੀ ਭਰੇ ਢੰਗ ਨਾਲ ਸ਼ਹਿਰਾਂ ਤੋਂ ਅੱਗੇ ਤੋਰਿਆ ਜਾ ਰਿਹਾ ਹੈ। ਵਫ਼ਦ ਨੇ ਐਕਸੀਅਨ ਮਨਿੰਦਰ ਕੁਮਾਰ ਦੀ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਇਲਾਕੇ ਦੇ ਕਿਸੇ ਵੀ ਪਿੰਡ, ਕਿਸੇ ਵੀ ਜਗ੍ਹਾ ਬਿਜਲੀ ਸਮਾਰਟ ਮੀਟਰ ਲਗਾਉਣ ਦਾ ਯਤਨ ਨਾ ਕੀਤਾ ਜਾਵੇ। ਅਜਿਹੀ ਹਾਲਤ ਵਿੱਚ ਪਿੰਡਾਂ ਦੇ ਇਕੱਠ ਤੇ ਜਥੇਬੰਦੀਆਂ ਇਸ ਦੀ ਆਗਿਆ ਨਹੀਂ ਦੇਣਗੀਆਂ ਬਲਕਿ ਡਟਵਾਂ ਵਿਰੋਧ ਕਰਨਗੀਆਂ। ਵਫ਼ਦ ਦਾ ਕਹਿਣਾ ਹੈ ਕਿ ਐਕਸੀਅਨ ਨੇ ਯਕੀਨ ਦਿਵਾਇਆ ਕਿ ਇਹ ਮੰਗ ਪੱਤਰ ਫੌਰੀ ਉਪਰ ਭੇਜਿਆ ਜਾਵੇਗਾ ਤੇ ਕਿਸਾਨ ਜਥੇਬੰਦੀਆਂ ਦੇ ਸਾਰੇ ਸੁਝਾਅ ਧਿਆਨ ’ਚ ਰੱਖੇ ਜਾਣਗੇ। ਇਸ ਤੋਂ ਇਲਾਵਾ ਮੰਗ ਕੀਤੀ ਗਈ ਕਿ ਲਲਤੋਂ ਕਲਾਂ ਤੇ ਲਲਤੋਂ ਖੁਰਦ ਦੀ ਜ਼ਮੀਨ ‘ਚ ਬਿਜਲੀ ਘਰ ਉਸਰੇ ਹੋਣ ਕਰਕੇ ਘਰਾਂ ਦੀ 24 ਘੰਟੇ ਵਾਲੀ ਬਿਜਲੀ ਦੀ ਨਿਰੰਤਰਤਾ ਤੇ ਬਿਹਤਰ ਸੇਵਾ ਲਾਜ਼ਮੀ ਯਕੀਨੀ ਬਣਾਈ ਜਾਵੇ। ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਜੰਟਾ, ਜਗਰਾਜ ਸਿੰਘ ਰਾਜਾ, ਅਮਨਦੀਪ ਸਿੰਘ, ਡਾ. ਜਸਮੇਲ ਸਿੰਘ, ਕਰਤਾਰ ਸਿੰਘ, ਜ਼ੋਰਾਵਰ ਸਿੰਘ ਤੇ ਰਣਬੀਰ ਸਿੰਘ ਸ਼ਾਮਲ ਸਨ।