ਗੁਰਿੰਦਰ ਸਿੰਘ
ਲੁਧਿਆਣਾ, 20 ਜਨਵਰੀ
ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਰਮਨਜੀਤ ਲਾਲੀ ਨੇ ਕਾਂਗਰਸ ਪਾਰਟੀ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਆਪਣੇ ਸਮਰਥਕਾਂ ਸਹਿਤ ਐੱਸਸੀ ਬਹੁਗਿਣਤੀ ਵਾਲੇ ਹਲਕਾ ਲੁਧਿਆਣਾ ਉਤਰੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਲਾਲੀ ਸਮਰਥਕਾਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਮਨਜੀਤ ਲਾਲੀ ਨੇ ਕਾਂਗਰਸ ਲੀਡਰਸਿਪ ’ਤੇ ਰਵਿਦਾਸ ਸਮਾਜ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਇਕ ਪਾਸੇ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਿੱਧੂ ਮੂਸੇਵਾਲਾ ਅਤੇ ਮਾਲਵਿਕਾ ਸੂਦ ਵਰਗੇ ਉੱਚ ਜਾਤੀ ਨਾਲ ਸਬੰਧਤ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਤੁਰੰਤ ਉੱਚੇ ਅਹੁਦੇ ਦਿੱਤੇ ਗਏ ਹਨ। ਦੂਜੇ ਪਾਸੇ ਉਨ੍ਹਾਂ ਸਮੇਤ 6 ਵਿਅਕਤੀ, ਜਿਨ੍ਹਾਂ ਨੇ ਬਸਪਾ ਦੀ ਟਿਕਟ ’ਤੇ ਐਮਐਲਏ ਦੀ ਚੋਣ ਲੜੀ ਸੀ ਤੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ, ਨੂੰ ਅੱਜ ਤੱਕ ਨਾਂ ਤਾਂ ਸੰਗਠਨ ਵਿੱਚ ਤੇ ਨਾ ਕੋਈ ਅਹੁਦਾ ਸਰਕਾਰ ਵਿੱਚ ਮਿਲਿਆ ਹੈ ਜਦਕਿ ਉਨ੍ਹਾਂ ਨੇ ਚੋਣਾਂ ਵਿੱਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਤਨਦੇਹੀ ਨਾਲ ਕੰਮ ਕੀਤਾ ਸੀ।
ਉਨ੍ਹਾਂ ਕਿਹਾ ਕਿ ਉਹ ਦੁਖੀ ਹੋ ਕੇ ਕਾਂਗਰਸ ਤੋਂ ਅੱਲਗ ਹੋ ਰਹੇ ਹਨ ਤੇ ਆਜ਼ਾਦ ਉਮੀਦਵਾਰ ਵਜੋਂ ਹਲਕਾ ਉਤਰੀ ਨੂੰ ਜਿੱਤਣਾ ਉਨ੍ਹਾਂ ਲਈ ਬਹੁਤੀ ਵੱਡੀ ਗੱਲ ਨਹੀਂ ਹੈ ਕਿਉਂਕਿ ਉਨ੍ਹਾਂ ਵੱਲੋਂ ਸਮਾਜ ਪ੍ਰਤੀ ਕੀਤੇ ਕੰਮਾਂ ’ਤੇ ਲੋਕਾਂ ਨੂੰ ਭਰੋਸਾ ਹੈ ਤੇ ਆਮ ਲੋਕ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਉਨ੍ਹਾਂ ਦਾ ਸਮਰਥਨ ਕਰਨਗੇ। ਇਸ ਮੌਕੇ ਗੁਰੂ ਰਵਿਦਾਸ ਸਭਾਵਾਂ, ਵਾਲਮੀਕਿ ਸਭਾਵਾਂ, ਡਾ. ਅੰਬੇਡਕਰ ਸਭਾਵਾਂ, ਸਮੂਹ ਕਲਾਕਾਰ ਭਾਈਚਾਰੇ ਤੋਂ ਇਲਾਵਾ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧ ਵੀ ਹਾਜ਼ਰ ਸਨ।